ਚੰਡੀਗੜ੍ਹ-ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਅਨਾਜ, ਫਲ ਤੇ ਸਬਜ਼ੀ ਮੰਡੀ ਨੂੂੰ ਸੈਕਟਰ-39 ਵਿੱਚ ਸਥਿਤ ਨਵੀਂ ਮੰਡੀ ਵਿੱਚ ਤਬਦੀਲ ਕਰਨ ਲਈ ਕੰਮਕਾਜ ਤੇਜ਼ ਕਰ ਦਿੱਤਾ ਹੈ। ਯੂਟੀ ਪ੍ਰਸ਼ਾਸਨ ਵੱਲੋਂ ਨਵੀਂ ਮੰਡੀ ਵਿੱਚ ਸਥਿਤ ਕੁੱਲ 92 ਦੁਕਾਨਾਂ ਨੂੰ ਦੋ ਪੜਾਵਾਂ ਵਿੱਚ ਨਿਲਾਮ ਕੀਤਾ ਜਾਵੇਗਾ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪਹਿਲੇ ਪੜਾਅ ਵਿੱਚ 46 ਦੁਕਾਨਾਂ ਨਿਲਾਮ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਸ਼ਾਸਕ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਨੇ 46 ਦੁਕਾਨਾਂ ਦੀ ਨਿਲਾਮੀ ਲਈ ਅੱਠ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਹੈ, ਜਿਸ ਦੀ ਦੇਖ-ਰੇਖ ਹੇਠ ਨਿਲਾਮੀ ਕੀਤੀ ਜਾਵੇਗੀ। ਨਿਲਾਮੀ ਲਈ ਬਣਾਈ 8 ਮੈਂਬਰੀ ਕਮੇਟੀ ਵਿੱਚ ਮਾਰਕੀਟ ਕਮੇਟੀ ਚੰਡੀਗੜ੍ਹ ਦਾ ਪ੍ਰਸ਼ਾਸਕ, ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸੰਯੁਕਤ ਸਕੱਤਰ, ਸਹਾਇਕ ਅਸਟੇਟ ਅਫਸਰ-9, ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐੱਨਆਈਸੀ) ਚੰਡੀਗੜ੍ਹ ਦੇ ਤਕਨੀਕੀ ਨਿਰਦੇਸ਼ਕ, ਸ਼ਹਿਰੀ ਯੋਜਨਾ ਵਿਭਾਗ ਦੇ ਸਹਾਇਕ ਟਾਊਨ ਪਲਾਨਰ, ਉਪ-ਮੰਡਲ ਇੰਜੀਨੀਅਰ, ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸੈਕਸ਼ਨ ਅਫਸਰ, ਅਸਟੇਟ ਦਫਤਰ (ਨਿਲਾਮੀ ਸ਼ਾਖਾ) ਅਤੇ ਖੇਤੀਬਾੜੀ ਮੰਡੀਕਰਨ ਬੋਰਡ ਦੇ ਕਾਨੂੰਨ ਅਧਿਕਾਰੀ ਸ਼ਾਮਲ ਹਨ। ਇਸ ਕਮੇਟੀ ਵੱਲੋਂ 46 ਦੁਕਾਨਾਂ ਲਈ ਖੁੱਲ੍ਹੀ ਨਿਲਾਮੀ ਕੀਤੀ ਜਾਵੇਗੀ। ਨਵੀਂ ਮੰਡੀ ਵਿੱਚ ਦੁਕਾਨਦਾਰਾਂ ਨੂੂੰ ਦੁਕਾਨਾਂ ਫਰੀ ਹੋਲਡ ਦੀ ਬਜਾਏ 99 ਸਾਲਾਂ ਲਈ ਲੀਜ਼ ਹੋਲਡ ’ਤੇ ਅਲਾਟ ਕੀਤੀਆਂ ਜਾਣਗੀਆਂ।
ਇਹ ਦੁਕਾਨਾਂ 120 ਵਰਗ-ਗਜ਼ ਵਿੱਚ ਤਿਆਰ ਕੀਤੀ ਜਾ ਸਕੇਗੀ, ਜਿਸ ਦੀ ਕੀਮਤ ਲਗਭਗ 3.35 ਕਰੋੜ ਰੁਪਏ ਰੱਖੀ ਗਈ ਹੈ। ਯੂਟੀ ਪ੍ਰਸ਼ਾਸਨ ਵੱਲੋਂ ਦੂਜੇ ਪੜਾਅ ਵਿੱਚ ਬਾਕੀ 46 ਦੁਕਾਨਾਂ ਨੂੰ ਨਿਲਾਮ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਵੱਲੋਂ ਨਵੀਂ ਮਾਰਕੀਟ ਵਿੱਚ ਦੁਕਾਨਾਂ ਦੀ ਅਲਾਟਮੈਂਟ ਤੋਂ ਬਾਅਦ ਸੈਕਟਰ 26 ਦੀ ਮਾਰਕੀਟ ਨੂੰ ਪੜਾਅਵਾਰ ਡੀ-ਨੋਟੀਫਾਈ ਕੀਤਾ ਜਾਵੇਗਾ। ਨਿਲਾਮੀ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮਾਰਕੀਟ ਨੂੰ ਸੈਕਟਰ-39 ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਕੈਟਰ-26 ਵਿੱਚ ਸਥਿਤ ਅਨਾਜ, ਫਲ ਤੇ ਸਬਜ਼ੀ ਮੰਡੀ ਨੂੰ ਸੈਕਟਰ-39 ਵਿੱਚ ਤਬਦੀਲ ਕਰਨ ਦਾ ਮਾਮਲੇ ਲੰਬੇ ਸਮੇਂ ਤੋਂ ਵਿਚਕਾਰ ਲਟਕ ਰਿਹਾ ਹੈ। ਯੂਟੀ ਪ੍ਰਸ਼ਾਸਨ ਨੇ ਇਹ ਜ਼ਮੀਨ ਸਾਲ 1990 ਵਿੱਚ 75 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਉਸ ਤੋਂ ਬਾਅਦ ਸਾਲ 2002 ਵਿੱਚ ਮੰਡੀ ਬਨਾਉਣ ਲਈ ਅਲਾਟ ਕਰ ਦਿੱਤੀ ਸੀ।