ਪਟਿਆਲਾ-ਪੰਜਾਬ ਸਰਕਾਰ ਵੱਲੋਂ ਅਗਲੇ ਤਿੰਨ ਸਾਲਾਂ ਵਿੱਚ ਪੁਲੀਸ ਇਮਾਰਤਾਂ, ਖਾਸ ਕਰਕੇ ਥਾਣਿਆਂ ਅਤੇ ਪੁਲੀਸ ਲਾਈਨਾਂ ਦੇ ਅਪਗ੍ਰੇਡੇਸ਼ਨ ਅਤੇ ਆਧੁਨਿਕਰਨ ’ਤੇ 426 ਕਰੋੜ ਰੁਪਏ ਖਰਚੇ ਜਾਣਗੇ ਜਿਸ ਨਾਲ ਪੁਲੀਸ ਫੋਰਸ ਦੀ ਕਾਰਜ-ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਵੀ ਵਾਧਾ ਹੋਵੇਗਾ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਪਟਿਆਲਾ ਨਾਲ ਸਬੰਧਤ ਕੁਝ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮੌਕੇ ਦਿੱਤੀ। ਇਸ ਦੌਰਾਨ ਉਨ੍ਹਾਂ ਇੱਥੋਂ ਪੁਲੀਸ ਲਾਈਨ ਤੋਂ ਪਟਿਆਲਾ ਪੁਲੀਸ ਕੰਟਰੋਲ ਰੂਮ ਲਈ 20 ਨਵੇਂ ਮੋਟਰਸਾਈਕਲ ਵੀ ਰਵਾਨਾ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਜੋਸ਼, ਲਗਨ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ 46 ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਡੀਜੀਪੀ ਪ੍ਰਸ਼ੰਸਾ ਡਿਸਕ ’ਤੇ ਆਧਾਰਤ ਵੱਕਾਰੀ ਸਨਮਾਨਾਂ ਨਾਲ ਸਨਮਾਨਿਤ ਵੀ ਕੀਤਾ। ਖੇਡਾਂ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦਿੰਦਿਆਂ ਉਨ੍ਹਾਂ ‘ਯੂਥ ਕਨੈਕਟ’ ਪ੍ਰੋਗਰਾਮ ਦੇ ਹਿੱਸੇ ਵਜੋਂ ਅਥਲੀਟਾਂ ਨੂੰ ਸਿਖਲਾਈ ਦੇਣ ਵਾਲੇ ਛੇ ਕੋਚਾਂ ਨੂੰ ਤਰੱਕੀਆਂ ਵੀ ਦਿੱਤੀਆਂ।
ਇਸ ਤੋਂ ਪਹਿਲਾਂ ਉਨ੍ਹਾਂ ਪੁਲੀਸ ਲਾਈਨ ਪਟਿਆਲਾ ਵਿੱਚ ਡੀਆਈਜੀ ਮਨਦੀਪ ਸਿੱਧੂ ਅਤੇ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਸਮੇਤ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ ਐੱਸਐੱਸਪੀਜ਼, ਐੱਸਪੀਜ਼ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਿਸ ਦੌਰਾਨ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਣਤੰਤਰ ਦਿਵਸ ਮੌਕੇ ਪਟਿਆਲਾ ’ਚ ਤਿਰੰਗਾ ਝੰਡਾ ਲਹਿਰਾਉਣ ਦੇ ਮੱਦੇਨਜ਼ਰ ਜਸ਼ਨਾਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਕਾਰਵਾਈ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸੁਰੱਖਿਆ ਵਿੱਚ ਸਖ਼ਤੀ ਵਧਾਉਣ, ਰਾਤ ਸਮੇਂ ਨਾਈਟ ਡੌਮਸੀਨੇਸ਼ਨ ਅਪ੍ਰੇਸ਼ਨਾਂ ਨੂੰ ਹੋਰ ਮੁਸਤੈਦੀ ਨਾਲ ਅੰਜਾਮ ਦੇਣ ਸਮੇਤ ਜਨਤਕ ਥਾਵਾਂ ’ਤੇ ਪੁਲੀਸ ਦੀ ਮੌਜੂਦਗੀ ਵਧਾਉਣ ਅਤੇ ਸੰਵੇਦਨਸ਼ੀਲ ਖੇਤਰਾਂ ’ਚ ਅਧਿਕਾਰੀਆਂ ਨੂੰ ਖੁਦ ਨਿਗਰਾਨੀ ਅਤੇ ਗਸ਼ਤ ਵਿੱਚ ਤੇਜ਼ੀ ਲਿਆਉਣ ਸਮੇਤ ਨਾਕਿਆਂ ਦੀ ਗਿਣਤੀ ਵਧਾਉਣ ’ਤੇ ਵੀ ਜ਼ੋਰ ਦਿੱਤਾ