ਲੁਧਿਆਣਾ: ਕੋਟ ਮੰਗਲ ਸਿੰਘ ਇਲਾਕੇ ਵਿੱਚ ਬੀਤੀ ਰਾਤ ਕੁਝ ਲੋਕਾਂ ਨੇ ਇੱਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਕਾਂਗਰਸੀ ਕੌਂਸਲਰ ਦੇ ਪੁੱਤਰ ਤੇ ਲੁਧਿਆਣਾ ਜੇਲ੍ਹ ਦੇ ਏਐਸਆਈ ‘ਤੇ ਇਲਜ਼ਾਮ ਲਾਏ ਹਨ। ਇਸ ਪੂਰੀ ਘਟਨਾ ਦਾ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੇ ਮੈਂਬਰ ਗੁਰਸਿੱਖ ਹਨ। ਉਨ੍ਹਾਂ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਦੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਪਰਿਵਾਰ ਮੁਤਾਬਕ ਉਹ ਪੁਲਿਸ ਕਮਿਸ਼ਨਰ ਨੂੰ ਮਿਲ ਚੁੱਕੇ ਹਨ ਪਰ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਮੁਲਜ਼ਮ ਖ਼ੁਦ ਪੁਲਿਸ ਅਧਿਕਾਰੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੈਂਟਰਲ ਜੇਲ੍ਹ ਲੁਧਿਆਣਾ ਦੇ ਏਐਸਆਈ ਨੇ ਪਹਿਲਾਂ ਉਨ੍ਹਾਂ ਦੇ ਘਰ ਹਮਲਾ ਕੀਤਾ ਤੇ ਗਾਲ਼ਾਂ ਕੱਢੀਆਂ। ਫਿਰ ਆਪਣਾ ਸਰਵਿਸ ਰਿਵਾਲਵਰ ਕੱਢ ਕੇ ਵੀ ਉਨ੍ਹਾਂ ਨੂੰ ਧਮਕੀ ਦਿੱਤੀ। ਬਾਅਦ ਵਿੱਚ ਉਸ ਨੇ ਆਪਣੇ ਕੁਝ ਸਾਥੀਆਂ ਨੂੰ ਕਾਰ ਵਿੱਚੋਂ ਸੱਦ ਲਿਆ ਤੇ ਉਨ੍ਹਾਂ ਦੇ ਪਰਿਵਾਰ ‘ਤੇ ਹਮਲਾ ਕਰਨ ਨੂੰ ਕਿਹਾ। ਇਸ ਵਿੱਚ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪਰਿਵਾਰ ਦੀ ਬਜ਼ੁਰਗ ਮਹਿਲਾ ਜਸਵੀਰ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਬੀਤੇ ਕੁਝ ਸਾਲ ਪਹਿਲਾਂ ਕੁਝ ਨੌਜਵਾਨਾਂ ਨੇ ਇਸੇ ਪਰਿਵਾਰ ਦੇ ਇੱਕ ਮੈਂਬਰ ਦਾ ਕਤਲ ਕਰ ਦਿੱਤਾ ਸੀ। ਇਹ ਪੂਰਾ ਵਿਵਾਦ ਇਲਾਕੇ ਵਿੱਚ ਹੀ ਬਣੇ ਕਮਿਊਨਿਟੀ ਸੈਂਟਰ ਨੂੰ ਲੈ ਕੇ ਹੋਇਆ ਹੈ। ਇਸ ਨੂੰ ਮੁਹੱਲਾ ਵਾਸੀ ਇਹ ਕਹਿ ਕੇ ਬੰਦ ਕਰਵਾ ਚੁੱਕੇ ਹਨ ਕਿ ਉੱਥੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਜਦੋਂਕਿ ਦੂਜੀ ਧਿਰ ਵੱਲੋਂ ਉਸ ਨੂੰ ਚਲਾਉਣ ਲਈ ਇਸ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ।