ਨਵੀਂ ਦਿੱਲੀ-ਵਿਰੋਧੀ ਧਿਰਾਂ ਨੇ ਅੱਜ ਕਿਹਾ ਕਿ ਕੇਂਦਰੀ ਬਜਟ ਵਿਚ ਆਮ ਲੋਕਾਂ ਤੇ ਮੱਧ ਵਰਗ ਨੂੰ ਦੇਣ ਲਈ ਕੁਝ ਨਹੀਂ ਹੈ ਤੇ ਸਰਕਾਰ ਨੇ ਅਗਾਮੀ ਬਿਹਾਰ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਬਜਟ ਦਸਤਾਵੇਜ਼ ਤਿਆਰ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰੀ ਬਜਟ ਵਿਚ ‘ਬਿਹਾਰ, ਬਿਹਾਰ ਤੇ ਬਿਹਾਰ’ ਤੋਂ ਛੁੱਟ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵਾਂਗ ਕੇਂਦਰੀ ਬਜਟ ਵਿਚ ਪੰਜਾਬ ਨੂੰ ਮੁੜ ਕੁਝ ਨਹੀਂ ਮਿਲਿਆ ਤੇ ਬਜਟ ਵਿਚ ਪੰਜਾਬ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ। ਬੀਬਾ ਬਾਦਲ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਬਜਟ ਵਿਚ ਸਿਰਫ਼ ਬਿਹਾਰ ਦਾ ਹੀ ਜ਼ਿਕਰ ਸੀ ਕਿਉਂਕਿ ਉਥੇ ਇਸ ਸਾਲ ਚੋਣਾਂ ਹੋਣੀਆਂ ਹਨ। ਪੰਜਾਬ ਦਾ ਇਸ ਵਿਚ ਕੋਈ ਜ਼ਿਕਰ ਨਹੀਂ ਸੀ। ਕਿਸਾਨ ਪਿਛਲੇ ਚਾਰ ਸਾਲਾਂ ਤੋਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ। ਉਨ੍ਹਾਂ ਕਿਸਾਨਾਂ ਲਈ ਕੀ ਐਲਾਨ ਕੀਤਾ ਹੈ? ਮਖਾਨਾ ਬੋਰਡ। ਇਹ ਕਿਸਾਨ ਵਿਰੋਧੀ ਬਜਟ ਹੈ। ਕਿਸਾਨ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਹਨ, ਉਨ੍ਹਾਂ ਦੀ ਗੱਲ ਨਾ ਸੁਣੇ ਜਾਣਾ ਦੁਖਦਾਈ ਹੈ।’’
ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾਂ ਬਿਹਾਰ ਨਾਲ ਧੋਖਾ ਕੀਤਾ ਹੈ। ਯਾਦਵ ਨੇ ਕਿਹਾ, ‘‘ਅੱਜ ਦੇ ਬਜਟ ਵਿਚ ਬਿਹਾਰ ਨਾਲ ਬੇਇਨਸਾਫ਼ੀ ਕੀਤੀ ਗਈ ਤੇ ਸੂਬੇ ਨੂੰ ਅਣਗੌਲਿਆ ਗਿਆ ਹੈ। ਅੱਜ ਦਾ ਬਜਟ ਪਿਛਲੇ ਬਜਟ ਦਾ ਹੀ ਦੁਹਰਾਅ ਹੈ। ਮੇਰਾ ਮੰਨਣਾ ਹੈ ਕਿ ਇਹ ਬਜਟ ਗਾਓਂ ਵਿਰੋਧੀ, ਗ੍ਰਾਮੀਣ ਵਿਰੋਧੀ ਤੇ ਗਰੀਬ ਵਿਰੋਧੀ ਹੈ। ਬਿਹਾਰ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਣਾ। ਗ੍ਰੀਨਫੀਲਡ ਹਵਾਈ ਅੱਡਿਆਂ ਬਾਰੇ ਗੱਲਾਂ ਬਾਤਾਂ ਮਹਿਜ਼ ‘ਜੁਮਲੇਬਾਜ਼ੀ’ ਹੈ। ਬੀਤੇ ਵਿਚ ਬਜਟ ’ਚ ਰੇਲਵੇ ਲਈ ਵੀ ਫੰਡ ਰੱਖੇ ਜਾਂਦੇ ਸਨ, ਪਰ ਹੁਣ ਰੇਲਵੇ ਨੂੰ ਅਮਲੀ ਤੌਰ ’ਤੇ ਖ਼ਤਮ ਕਰ ਦਿੱਤਾ ਗਿਆ ਹੈ। ਬਿਹਾਰ ਨੂੰ ਬਜਟ ਵਿਚ ਕੁਝ ਨਹੀਂ ਮਿਲਿਆ ਤੇ ਉਹ ਨਾ ਦੇਣਾ ਚਾਹੁੰਦੇ ਹਨ।’’
ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਲੋਕ ਸਭਾ ਮੈਂਬਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਬਜਟ ਵਿਚ ਪੱਛਮੀ ਬੰਗਾਲ ਲਈ ਕੁਝ ਵੀ ਨਹੀਂ ਹੈ। ਬੈਨਰਜੀ ਨੇ ਸੰਸਦੀ ਕੰਪਲੈਕਸ ਵਿਚ ਕਿਹਾ, ‘‘ਬਜਟ ਵਿਚ ਆਮ ਆਦਮੀ ਲਈ ਕੁਝ ਨਹੀਂ ਹੈ। ਉਨ੍ਹਾਂ ਅਗਾਮੀ ਬਿਹਾਰ ਚੋਣਾਂ ਨੂੰ ਜ਼ਹਿਨ ਵਿਚ ਰੱਖ ਦੇ ਬਜਟ ਦਸਤਾਵੇਜ਼ ਤਿਆਰ ਕੀਤਾ ਹੈ। ਪਿਛਲੀ ਵਾਰ ਵੀ ਸਾਰੇ ਐਲਾਨ ਆਂਧਰਾ ਪ੍ਰਦੇਸ਼ ਤੇ ਬਿਹਾਰ ਲਈ ਸਨ। ਆਂਧਰਾ ਪ੍ਰਦੇਸ਼ ਵਿਚ ਚੋਣਾਂ ਹੋ ਚੁੱਕੀਆਂ ਹਨ ਤੇ ਬਿਹਾਰ ਵਿਚ ਇਸ ਸਾਲ ਹੋਣੀਆਂ ਹਨ, ਇਸ ਕਰਕੇ ਇਸ ’ਤੇ ਵਧੇਰੇ ਧਿਆਨ ਹੈ।’’ ਉਨ੍ਹਾਂ ਕਿਹਾ, ‘‘ਜਿੱਥੋਂ ਤੱਕ ਪੱਛਮੀ ਬੰਗਾਲ ਦੀ ਗੱਲ ਹੈ ਤਾਂ ਪਿਛਲੇ ਦਸ ਸਾਲਾਂ ਵਿਚ ਇਸ ਨੂੰ ਕੁਝ ਨਹੀਂ ਮਿਲਿਆ ਤੇ ਅੱਜ ਵੀ ਇਸ ਵਿਚ ਕੁਝ ਨਹੀਂ ਸੀ। ਇਹ ਬਹੁਤ ਮੰਦਭਾਗਾ ਹੈ।’’
ਬੈਨਰਜੀ ਨੇ ਕਿਹਾ, ‘‘ਮੈਨੂੰ ਬਜਟ ਬਹੁਤ ਧਿਆਨ ਨਾਲ ਪੜ੍ਹਨਾ ਹੋਵੇਗਾ, ਬਜਟ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਉਸ ਨੂੰ ਲੈ ਕੇ ਬਹੁਤ ਦੁਚਿੱਤੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਸੈਲਰੀ ਸਲੈਬਾਂ ਲਈ ਵੱਖੋ ਵੱਖਰੀ ਰਿਬੇਟ ਹੋਵੇਗੀ। ਮੱਧ ਵਰਗ ਲਈ ਇਸ ਵਿਚ ਕੁਝ ਨਹੀਂ ਹੈ।’’
ਡੀਐੱਮਕੇ ਦੇ ਲੋਕ ਸਭਾ ਮੈਂਬਰ ਦਇਆਨਿਧੀ ਮਾਰਨ ਨੇ ਕਿਹਾ ਕਿ ਬਜਟ ਨੇ ਦੇਸ਼ ਨੂੰ ‘ਨਿਰਾਸ਼’ ਕੀਤਾ ਹੈ। ਉਨ੍ਹਾਂ ਕਿਹਾ, ‘‘ਵਿੱਤ ਮੰਤਰੀ ਦਾਅਵਾ ਕਰਦੇ ਹਨ ਕਿ ਉਹ 12 ਲੱਖ ਰੁਪਏ ਤੱਕ ਟੈਕਸ ਛੋਟ ਦੇ ਰਹੇ ਹਨ, ਪਰ ਅਗਲੀ ਹੀ ਲਾਈਨ ਵਿਚ 8 ਤੋਂ 10 ਲੱਖ ਦੀ ਆਮਦਨ ਲਈ 10 ਫੀਸਦ ਟੈਕਸ ਲਾਉਣ ਦੀ ਗੱਲ ਆਖਦੇ ਹਨ।’’ ਉਨ੍ਹਾਂ ਕਿਹਾ, ‘‘ਇਸ ਸਾਲ ਬਿਹਾਰ ਦੀਆਂ ਚੋਣਾਂ ਹਨ ਜਿਸ ਕਰਕੇ ਸੂਬੇ ਨੂੰ ਲੈ ਕੇ ਬਹੁਤ ਸਾਰੇ ਐਲਾਨ ਕੀਤੇ ਗਏ ਹਨ, ਬਿਹਾਰ ਦੇ ਲੋਕਾਂ ਨੂੰ ਇਕ ਵਾਰ ਫਿਰ ਮੂਰਖ ਬਣਾਇਆ ਜਾ ਰਿਹਾ ਹੈ।’’