ਚੰਡੀਗੜ੍ਹ: ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰੀ ਦੀ 6 ਕਰੋੜ ਰੁਪਏ ਤੋਂ ਵੱਧ ਰਕਮ ਲੈ ਕੇ ਫਰਾਰ ਪੰਜਾਬ ਪੁਲਿਸ ਦੇ ASI ਰਾਜਪ੍ਰੀਤ ਸਿੰਘ ਤੇ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਕਿ ਲਗਪਗ 4:30 ਵਜੇ ਦੇ ਕਰੀਬ ਕੇਰਲਾ ਪੁਲਿਸ ਨੇ ਰਾਜਪ੍ਰੀਤ ਤੇ ਜੋਗਿੰਦਰ ਨੂੰ ਕੋਚੀ ਦੇ ਹੋਟਲ ਕਾਸਾ ਲਿੰਡਾ ਤੋਂ ਕਾਬੂ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਪਰਵੀਨ ਕੇ ਸਿਨ੍ਹਾ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਚੀ ਰਵਾਨਾ ਹੋ ਗਏ ਹਨ।
ਯਾਦ ਰਹੇ ਮੁਹਾਲੀ ਸਥਿਤ ਸਟੇਟ ਕ੍ਰਾਈਮ ਥਾਣਾ ਫੇਜ਼-4 ਵਿੱਚ ਏਐਸਆਈ ਜੋਗਿੰਦਰ ਸਿੰਘ ਤੇ ਏਐਸਆਈ ਰਾਜਪ੍ਰੀਤ ਸਿੰਘ ਸਮੇਤ ਮੁਖ਼ਬਰ ਸੁਰਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ‘ਤੇ ਡਕੈਤੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਦੋਵੇਂ ਜਣੇ ਪੰਜਾਬ ਪੁਲਿਸ ਦੇ ਤਾਂ ਹੱਥ ਨਹੀਂ ਆ ਰਹੇ ਸੀ ਪਰ ਇਨ੍ਹਾਂ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ। ਚਰਚਾ ਹੈ ਕਿ ਇਹ ਰਕਮ ਲੈ ਕੇ ਫਰਾਰ ਹੋਏ ਦੋ ਥਾਣੇਦਾਰਾਂ ਦੀ ਗ੍ਰਿਫਤਾਰੀ ਨਾਲ ਹੋਰ ਰਾਜ਼ ਖੁੱਲਣਗੇ।
ਜ਼ਿਕਰਯੋਗ ਹੈ ਕਿ ਬੀਤੀ 29 ਮਾਰਚ ਨੂੰ ਖੰਨਾ ਪੁਲਿਸ ਨੇ ਪਾਦਰੀ ਐਂਥਨੀ ਸਮੇਤ ਛੇ ਲੋਕਾਂ ਤੋਂ ਸਾਢੇ ਨੌਂ ਕਰੋੜ ਰੁਪਏ ਦੀ ਰਕਮ ਖੰਨਾ ਤੋਂ ਤਿੰਨ ਕਾਰਾਂ ਵਿੱਚੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਬਾਅਦ ਵਿੱਚ ਪਾਦਰੀ ਨੇ ਬੈਂਕ ਵੱਲੋਂ ਪੈਸੇ ਪ੍ਰਾਪਤ ਕਰਨ ਲਈ ਜਾਰੀ ਚਿੱਠੀ ਪੇਸ਼ ਕੀਤੀ ਤੇ ਦਾਅਵਾ ਕੀਤਾ ਕਿ ਇਹ ਰਕਮ ਤਕਰੀਬਨ 16 ਕਰੋੜ ਦੀ ਸੀ ਪਰ ਪੁਲਿਸ ਨੇ ਸਾਢੇ ਨੌਂ ਕਰੋੜ ਰੁਪਏ ਦੀ ਬਰਾਮਦਗੀ ਹੀ ਦਰਸਾਈ ਸੀ। ਬਾਕੀ ਸਾਢੇ 6 ਕਰੋੜ ਰੁਪਏ ਗਾਇਬ ਕਰ ਦਿੱਤੇ ਗਏ। ਮਗਰੋਂ ਪਤਾ ਲੱਗਾ ਕਿ ਪੁਲਿਸ ਦੇ ਉਕਤ ਅਧਿਕਾਰੀਆਂ ਨੇ ਹੀ ਉਹ ਰਕਮ ਉਡਾਈ ਸੀ।