ਨਵੀਂ ਦਿੱਲੀ-ਰਾਜ ਸਭਾ ’ਚ ਭਾਜਪਾ ਮੈਂਬਰਾਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ‘ਮਾੜੀ ਗੱਲ’ ਟਿੱਪਣੀ ਲਈ ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਖ਼ਿਲਾਫ਼ ਮਰਿਆਦਾ ਨੋਟਿਸ ਦਿੱਤਾ ਹੈ ਤੇ ਮਿਸਾਲੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਭੇਜੇ ਨੋਟਿਸ ’ਚ ਭਾਜਪਾ ਦੇ ਸੰਸਦ ਮੈਂਬਰਾਂ ਨੇ ਕਿਹਾ, ‘ਇਹ ਟਿੱਪਣੀਆਂ ਸੋਨੀਆ ਗਾਂਧੀ ਦੀ ਕੁਲੀਨ ਵਰਗ ਪੱਖੀ ਤੇ ਕਬਾਇਲੀ ਵਿਰੋਧੀ ਮਾਨਸਿਕਤਾ ਦਾ ਸਬੂਤ ਹਨ ਜੋ ਅਜੇ ਤੱਕ ਇੱਕ ਕਬਾਇਲੀ ਗਰੀਬ ਦੇ ਸੰਘਰਸ਼ ਤੇ ਸੰਵਦੇਨਸ਼ੀਲਤਾ ਨੂੰ ਨਹੀਂ ਸਮਝ ਸਕੀ ਹੈ।’ ਪੱਤਰ ’ਚ ਕਿਹਾ ਗਿਆ ਹੈ, ‘ਸੋਨੀਆ ਗਾਂਧੀ ਦਾ ਬਿਆਨ ਵਿਹਾਰ ਅਤੇ ਸੰਸਦੀ ਨੈਤਿਕਤਾ ਤੇ ਸ਼ਿਸ਼ਟਾਚਾਰ ਦੇ ਸਥਾਪਤ ਨਿਯਮਾਂ ਤੋਂ ਉਲਟ ਹੈ ਜੋ ਮੈਂਬਰਾਂ ਨੂੰ ਸੰਵਿਧਾਨਕ ਦਫ਼ਤਰਾਂ ਦੀ ਮਰਿਆਦਾ ਬਣਾਏ ਰੱਖਣ ਤੇ ਅਪਮਾਨ ਭਰੀਆਂ ਟਿੱਪਣੀਆਂ ਕਰਨ ਤੋਂ ਬਚਣ ਦੇ ਹੁਕਮ ਦਿੰਦੇ ਹਨ।’
ਭਾਜਪਾ ਦੇ ਸੰਸਦ ਮੈਂਬਰਾਂ ਨੇ ਕਿਹਾ ਸਾਡੇ ਜਮਹੂਰੀ ਪ੍ਰਬੰਧ ਦੀ ਸਰਵਉੱਚ ਕਾਨੂੰਨੀ ਸੰਸਥਾ ਹੋਣ ਦੇ ਨਾਤੇ ਸੰਸਦ ਨੂੰ ਸੰਵਿਧਾਨਕ ਅਥਾਰਿਟੀਆਂ ਲਈ ਮਰਿਆਦਾ ਤੇ ਸਨਮਾਨ ਬਣਾਏ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਰਾਜ ਸਭਾ ਦੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਮਾਮਲੇ ਦਾ ਨੋਟਿਸ ਲੈਂਦਿਆਂ ਸੋਨੀਆ ਗਾਂਧੀ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਨਾ ਸਿਰਫ਼ ਸੰਸਦੀ ਨਿਯਮਾਂ ਦੀ ਪਵਿੱਤਰਤਾ ਨੂੰ ਬਣਾਏ ਰੱਖਣ ਲਈ ਜ਼ਰੂਰੀ ਹੈ ਬਲਕਿ ਮਰਿਆਦਾ ਤੇ ਆਪਸੀ ਸਨਮਾਨ ਦੇ ਸਿੱਧਾਂਤਾਂ ਨੂੰ ਮਜ਼ਬੂਤ ਕਰਨ ਲਈ ਵੀ ਜ਼ਰੂਰੀ ਹੈ ਜੋ ਸਾਡੀਆਂ ਜਮਹੂਰੀ ਸੰਸਥਾਵਾਂ ਦੇ ਅਸਰਦਾਰ ਕੰਮਕਾਰ ਦੀ ਬੁਨਿਆਦ ਹਨ।