ਮੁਹਾਲੀ: ਪੰਜਾਬੀ ਮਨੋਰੰਜਨ ਇੰਡਸਟਰੀ ਦਾ ਤੀਜਾ ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਤੇ ਐਵਾਰਡ ਸ਼ੋਅ ‘ਪੀਫਾ 2025’ ਇਸ ਵਾਰ 27 ਫਰਵਰੀ ਨੂੰ ਸੀਜੀਸੀ ਲਾਂਡਰਾਂ, ਮੁਹਾਲੀ ਵਿਚ ਹੋਵੇਗਾ। ਪੀਫਾ ਦੇ ਫਾਊਂਡਰ ਸਪਨ ਮਨਚੰਦਾ ਨੇ ਦੱਸਿਆ ਕਿ ਇਹ ਪੰਜਾਬੀ ਇੰਡਸਟਰੀ ਦੀ ਉਹ ਸੁਨਹਿਰੀ ਸ਼ਾਮ ਹੁੰਦੀ ਹੈ ਜਿੱਥੇ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਦੇ ਨਾਲ ਨਾਲ ਪੰਜਾਬੀ ਸਿਨੇਮਾ ਤੇ ਸੰਗੀਤ ਨੂੰ ਸਮਰਪਿਤ ਵੱਖ ਵੱਖ ਸ਼ਖਸੀਅਤਾਂ ਨੂੰ ਐਵਾਰਡ ਦੇ ਕੇ ਸਨਮਾਨਿਆ ਜਾਂਦਾ ਹੈ। ਇਹ ਸਮਾਗਮ ਜੀ ਬੀ ਰਿਐਲਿਟੀ ਦੀ ਪੇਸ਼ਕਸ਼ ਅਤੇ ਦਿ ਸਕਾਈਟਰੈਲ’ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਉਦੇਸ਼ ਨਵੇਂ ਕਲਾਕਾਰਾਂ ਨੂੰ ਹੱਲਾਸ਼ੇਰੀ ਦੇਣਾ ਹੈ। ਪੀਫਾ ਦੀ ਟੀਮ ਨੇ ਦੱਸਿਆ ਕਿ ਇਸ ਵਾਰ ਵੀ ਪ੍ਰਿਥਵੀ ਰਾਜ ਕਪੂਰ, ਕੇ ਡੀ ਮਹਿਰਾ, ਵਰਿੰਦਰ, ਮੇਹਰ ਮਿੱਤਲ, ਕੁਲਦੀਪ ਮਾਣਕ, ਜਸਵੰਤ ਭੰਵਰਾ, ਮਨੋਜ ਪੰਜ, ਬਲਰਾਜ ਸਾਹਨੀ, ਦਲਜੀਤ ਕੌਰ, ਸਰਦੂਲ ਸਿਕੰਦਰ, ਯਸ਼ਪਾਲ ਸ਼ਰਮਾ, ਗੁਰਕੀਰਤਨ, ਮੁਲਖ ਰਾਜ ਭਾਖੜੀ, ਸੁਰਿੰਦਰ ਕੌਰ, ਗੁਰਮੀਤ ਬਾਵਾ, ਨੰਦ ਲਾਲ ਨੂਰਪੁਰੀ ਅਤੇ ਬਾਬਾ ਬੁੱਲੇ ਸ਼ਾਹ ਵਰਗੀਆਂ ਹਸਤੀਆਂ ਦੇ ਨਾਂ ’ਤੇ ਯਾਦਗਾਰੀ ਐਵਾਰਡ ਸਥਾਪਤ ਕੀਤੇ ਗਏ ਹਨ। ਇਸ ਵਾਰ ਐਵਾਰਡ ਸਮਾਰੋਹ ਦੌਰਾਨ ਸਪਨ ਮਨਚੰਦਾ ਵੱਲੋਂ ਤਿਆਰ ਕੀਤਾ ਗਿਆ ਪੰਜਾਬੀ ਸੰਗੀਤ ਤੇ ਫਿਲਮ ਜਗਤ ਦੀ ਡਾਟਾ-ਇਨਫਰਮੇਸ਼ਨ ਤੇ ਟੈਲੀਫ਼ੋਨ ਡਾਇਰੈਕਟਰੀ ਦਾ ਸੱਤਵਾਂ ਐਡੀਸ਼ਨ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਪੀਫਾ ਦੀ ਕੋ-ਫਾਊਂਡਰ ਨਿਹਾਰਿਕਾ ਮਸੀਹ, ਪੀਫਾ ਦੇ ਸਲਾਹਕਾਰ ਪ੍ਰੋ. ਪਾਲੀ ਭੁਪਿੰਦਰ ਸਿੰਘ, ਫ਼ਿਲਮ ਨਿਰਮਾਤਾ ਕਾਰਜ ਗਿੱਲ, ਮਿਊਜ਼ਿਕ ਪ੍ਰੋਮੋਟਰ ਗੁਰਪ੍ਰੀਤ ਸਿੰਘ ਖੇਤਲਾ, ਲਾਈਨ ਨਿਰਮਾਤਾ ਚੰਨਪ੍ਰੀਤ ਸਿੰਘ ਧਨੋਆ, ਅਦਾਕਾਰ ਅਨੀਤਾ ਸ਼ਬਦੀਸ਼, ਤਲਵਿੰਦਰ ਸਿੰਘ ਅਤੇ ਕੇਐਸ ਰੂਬਲ ਵੀ ਹਾਜ਼ਰ ਸਨ।