ਅੰਮ੍ਰਿਤਸਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਥਾਈਲੈਂਡ ਤੋਂ ਆਏ ਇੱਕ ਵਿਅਕਤੀ ਦੇ ਕੋਲੋਂ ਲਗਭਗ 25 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਸ ਵਿੱਚ ਗਾਂਜਾ ਅਤੇ ਸਿੰਥੈਟਿਕ ਡਰੱਗ ਸ਼ਾਮਿਲ ਹਨ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਵਿਅਕਤੀ ਕੋਲੋਂ ਲਗਭਗ 18 ਕਿਲੋ 886 ਗਰਾਮ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 18 ਕਰੋੜ 88 ਲੱਖ ਰੁਪਏ ਹੈ। ਇਸ ਤੋਂ ਇਲਾਵਾ ਲਗਭਗ ਦੋ ਕਿਲੋ ਚਿੱਟੇ ਰੰਗ ਦਾ ਸਿੰਥੈਟਿਕ ਡਰੱਗ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਲਗਭਗ 7 ਕਰੋੜ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਥਾਈਲੈਂਡ ਦਾ ਵਾਸੀ ਹੈ ਅਤੇ ਏਅਰ ਇੰਡੀਆ ਐਕਸਪ੍ਰੈਸ ਹਵਾਈ ਕੰਪਨੀ ਦੀ ਉਡਾਣ ਰਾਹੀਂ ਥਾਈਲੈਂਡ ਤੋਂ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਰਿਆ ਸੀ। ਉਨ੍ਹਾਂ ਦੱਸਿਆ ਕਿ ਇਹ ਉਡਾਣ ਬੀਤੀ ਰਾਤ ਲਗਭਗ 10 ਵਜੇ ਇੱਥੇ ਪੁੱਜੀ ਸੀ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਬਰੀਕੀ ਨਾਲ ਕੀਤੀ ਗਈ ਜਾਂਚ ਦੌਰਾਨ ਉਸ ਦੇ ਬੈਗ ਵਿੱਚੋਂ ਇਹ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।
ਮੁਲਜ਼ਮ ਨੂੰ ਐਨਡੀਪੀਐਸ ਐਕਟ 1985 ਦੀ ਧਾਰਾ 43 ਹੇਠ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਰਾਮਦ ਕੀਤੇ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਹਨ। ਇਸ ਸਬੰਧ ਵਿੱਚ ਅਗਲੇਰੀ ਜਾਂਚ ਜਾਰੀ ਹੈ।