ਸ਼ਰਾਵਸਤੀ-ਇਥੋਂ ਦੇ ਇਕਾਉਨਾ ਇਲਾਕੇ ਦੇ ਇਕ ਵਿਅਕਤੀ ’ਤੇ ਧਰਮ ਪਰਿਵਰਤਨ ਦੀ ਕਥਿਤ ਕੋਸ਼ਿਸ਼ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਹਰੀਸ਼ ਸਿੰਘ ਫਿਲਹਾਲ ਫਰਾਰ ਹੈ। ਪੁਲੀਸ ਨੇ ਦੱਸਿਆ ਕਿ ਸਿੰਘ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਲੁਧਿਆਣਾ ਵਿੱਚ ਰਹਿ ਰਿਹਾ ਹੈ ਅਤੇ ਅਕਸਰ ਭਗਵਾਨਪੁਰ ਬੰਕਟਵਾ ਲੋਨਪੁਰਵਾ ਪਿੰਡ ਆਉਂਦਾ ਸੀ। ਪੁਲੀਸ ਸੁਪਰਡੈਂਟ (ਐਸਪੀ) ਘਨਸ਼ਿਆਮ ਚੌਰਸੀਆ ਨੇ ਕਿਹਾ, “ਉਹ ਹਾਲ ਹੀ ਵਿੱਚ ਪਿੰਡ ਵਿੱਚ ਸੀ ਅਤੇ ਕਥਿਤ ਤੌਰ ’ਤੇ ਇੱਕ ਝੌਂਪੜੀ ਵਿੱਚ ਯਿਸੂ ਮਸੀਹ ਦਾ ਨਾਮ ਲੈ ਕੇ ਬਿਮਾਰੀਆਂ ਦੇ ਇਲਾਜ ਲਈ ਦੇ ਸੈਸ਼ਨ ਚਲਾ ਰਿਹਾ ਸੀ। ਜ਼ਿਆਦਾਤਰ ਹਾਜ਼ਰ ਲੋਕ ਪਿੰਡ ਤੋਂ ਬਾਹਰ ਦੇ ਸਨ।’’
ਉਨ੍ਹਾਂ ਨੇ ਪੀਟੀਆਈ ਨੂੰ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਵੱਲੋਂ ਮੁਹੱਈਆ ਕਰਵਾਏ ਗਏ ਵੀਡੀਓ ਦੇ ਆਧਾਰ ’ਤੇ ਪੁਲੀਸ ਨੇ ਜਾਂਚ ਕੀਤੀ। ਕਾਰਕੂਨਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਧਰਮ ਪਰਿਵਰਤਨ ਦਾ ਦੋਸ਼ ਲਗਾਇਆ ਸੀ। ਚੌਰਸੀਆ ਨੇ ਕਿਹਾ ਕਿ ਇਸ ਤੋਂ ਬਾਅਦ ਸਿੰਘ ਵਿਰੁੱਧ ਉੱਤਰ ਪ੍ਰਦੇਸ਼ ਗੈਰਕਾਨੂੰਨੀ ਧਰਮ ਪਰਿਵਰਤਨ ਕਾਨੂੰਨ, 2021 ਦੀ ਧਾਰਾ 3 ਅਤੇ 5 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਚੌਰਸੀਆ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਿੰਘ ਪੰਜਾਬ ਭੱਜ ਗਿਆ ਹੋਵੇ, ਪਰ ਉੱਥੇ ਇੱਕ ਪੁਲੀਸ ਟੀਮ ਭੇਜੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਨੇਪਾਲ ਸਰਹੱਦ ਨਾਲ ਸ਼ਰਵਸਤੀ ਦੀ ਨੇੜਤਾ ਨੂੰ ਦੇਖਦੇ ਹੋਏ ਅਧਿਕਾਰੀ ਉਸ ਦੇ ਸਰਹੱਦ ਪਾਰ ਤੋਂ ਭੱਜਣ ਤੋਂ ਰੋਕਣ ਲਈ ਖੇਤਰ ਦੀ ਨਿਗਰਾਨੀ ਵੀ ਕਰ ਰਹੇ ਹਨ।