ਪੋਰਟ ਲੂਈ- ਮੌਰੀਸ਼ਸ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨ ਕੀਤਾ ਹੈ। ਭਾਰਤ ਤੇ ਮੌਰੀਸ਼ਸ ਨੇ ਆਪਣੇ ਸਬੰਧਾਂ ਨੂੰ ਅੱਗੇ ਵਧਾਉਂਦਿਆਂ ਵਪਾਰ ਤੇ ਸਮੁੰਦਰੀ ਸੁਰੱਖਿਆ ਸਮੇਤ ਕਈ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਅੱਠ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਸਾਊਥ ਬਾਰੇ ਭਾਰਤ ਦੇ ਮਹਾਸਾਗਰ ਵਿਜ਼ਨ ਦਾ ਐਲਾਨ ਕੀਤਾ।
ਪੋਰਟ ਲੂਈ ਦੀ ਆਪਣੀ ਦੋ ਰੋਜ਼ਾ ਯਾਤਰਾ ਦੇ ਦੂਜੇ ਤੇ ਆਖਰੀ ਦਿਨ ਮੋਦੀ ਨੇ ਮੌਰੀਸ਼ਸ ਦੇ ਕੌਮੀ ਦਿਵਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ, ਜਿਸ ਦੌਰਾਨ ਰਾਸ਼ਟਰਪਤੀ ਧਰਮਬੀਰ ਗੋਖੁਲ ਨੇ ਮੋਦੀ ਨੂੰ ਮੌਰੀਸ਼ਸ ਦਾ ਸਰਵਉੱਚ ਸਨਮਾਨ ‘ਦਿ ਗਰੈਂਡ ਕਮਾਂਡਰ ਆਫ ਆਰਡਰ ਆਫ ਸਟਾਰ ਐਂਡ ਕੀ ਆਫ ਇੰਡੀਅਨ ਓਸ਼ਨ’ ਨਾਲ ਸਨਮਾਨਿਤ ਕੀਤਾ। ਸਮਾਗਮ ਵਿੱਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਅਤੇ ਭਾਰਤੀ ਹਵਾਈ ਸੈਨਾ ਦੀ ਆਕਾਸ਼ ਗੰਗਾ ‘ਸਕਾਈਡਾਈਵਿੰਗ’ ਟੀਮ ਨਾਲ ਭਾਰਤੀ ਹਥਿਆਰਬੰਦ ਬਲਾਂ ਦੀ ਟੁਕੜੀ ਨੇ ਵੀ ਸਮਾਗਮ ’ਚ ਹਿੱਸਾ ਲਿਆ। ਮੌਰੀਸ਼ਸ ਦੇ ਆਪਣੇ ਹਮਰੁਤਬਾ ਨਵੀਨਚੰਦਰ ਰਾਮਗੁਲਾਮ ਨਾਲ ਵਾਰਤਾ ਦੌਰਾਨ ਮੋਦੀ ਨੇ ਗਲੋਬਲ ਸਾਊਥ ਲਈ ਭਾਰਤ ਦੇ ਨਵੇਂ ਨਜ਼ਰੀਏ ਦਾ ਐਲਾਨ ਕੀਤਾ ਤੇ ਇਸ ਨੂੰ ‘ਮਹਾਸਾਗਰ’ ਜਾਂ ‘ਖੇਤਰਾਂ ’ਚ ਸੁਰੱਖਿਆ ਤੇ ਵਿਕਾਸ ਲਈ ਦੁਵੱਲੀ ਤੇ ਇਕਸਾਰ ਪ੍ਰਗਤੀ’ ਦਾ ਨਾਂ ਦਿੱਤਾ।