ਪਟਿਆਲਾ- ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਡਰੀਮ ਪ੍ਰਾਜੈਕਟ ਪਟਿਆਲਾ ਦਿ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ’ਤੇ 41.63 ਕਰੋੜ ਰੁਪਏ ਖ਼ਰਚੇ ਜਾਣ ਤੋਂ ਬਾਅਦ ਵੀ ਕੰਮ ਅਧੂਰਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪਟਿਆਲਾ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਿਟੀ (ਪੀਡੀਏ) ਦੁਆਰਾ ਨਗਰ ਨਿਗਮ ਦੇ ਅਧਿਕਾਰ ਖੇਤਰ ਅਧੀਨ ਚਲਾਇਆ ਗਿਆ ਸੀ। ਕਿਲ੍ਹਾ ਮੁਬਾਰਕ ਦੇ ਆਲੇ-ਦੁਆਲੇ ਹੈਰੀਟੇਜ ਸਟਰੀਟ ਪ੍ਰਾਜੈਕਟ ਦਾ ਕੰਮ 41.63 ਕਰੋੜ ਰੁਪਏ ਦੇ ਸ਼ੁਰੂਆਤੀ ਟੈਂਡਰ ਦੇ ਅਨੁਸਾਰ ਨਵੰਬਰ 2020 ਵਿੱਚ ਸ਼ੁਰੂ ਹੋਇਆ ਸੀ, ਜਿਸ ਵਿੱਚ ਭੂਮੀਗਤ ਹਾਈ ਅਤੇ ਲੋਅ ਟੈਂਸ਼ਨ ਪਾਵਰ ਸਪਲਾਈ ਕੇਬਲ ਵਿਛਾਉਣਾ ਅਤੇ 2 ਕਿੱਲੋਮੀਟਰ ਦੇ ਰਸਤੇ ’ਤੇ ਲਾਲ ਗ੍ਰੇਨਾਈਟ ਪੱਥਰ ਲਾਉਣਾ ਸ਼ਾਮਲ ਸੀ। ਇਸ ਪ੍ਰਾਜੈਕਟ ਵਿੱਚ ਕੰਪੈਕਟ ਸਬਸਟੇਸ਼ਨ ਟਰਾਂਸਫ਼ਾਰਮਰਾਂ ਦੀ ਸਥਾਪਨਾ, ਸਾਹਮਣੇ ਵਾਲੇ ਹਿੱਸੇ ਨੂੰ ਅਪਗ੍ਰੇਡ ਕਰਨ ਲਈ ਸਟੀਲ ਪਲੇਟਾਂ, ਸਾਈਨੇਜ, ਮੂਰਤੀਆਂ ਅਤੇ ਸੁੰਦਰੀਕਰਨ ਲਈ ਕਲਾਤਮਕ ਸਟਰੀਟ ਲਾਈਟਾਂ ਵੀ ਸ਼ਾਮਲ ਸਨ, ਇਹ ਕੰਮ ਅਜੇ ਤੱਕ ਅਧੂਰਾ ਹੈ। ਸੜਕ ’ਤੇ ਵਿਛਾਈਆਂ ਗਈਆਂ ਟਾਈਲਾਂ ਉਖੜਨੀਆਂ ਸ਼ੁਰੂ ਹੋ ਗਈਆਂ ਹਨ। ਪ੍ਰਾਜੈਕਟ ਵਿੱਚ ਸਨੌਰੀ ਅੱਡਾ, ਹਨੂਮਾਨ ਮੰਦਰ ਅਤੇ ਹੋਰ ਥਾਵਾਂ ਦੇ ਨੇੜੇ ਪਾਰਕਿੰਗ ਸਥਾਨਾਂ ਦੀ ਉਸਾਰੀ ਕਰਨਾ ਵੀ ਸ਼ਾਮਲ ਸੀ, ਜੋ ਕਿ ਹਾਲੇ ਤੱਕ ਨਹੀਂ ਕੀਤੀ ਗਈ। ਪਾਰਕਿੰਗ ਬਣਾਉਣ ਦੀ ਯੋਜਨਾ ਬਦਲ ਦਿੱਤੀ ਗਈ। ਇਸ ਤੋਂ ਇਲਾਵਾ ਸੜਕਾਂ ਦੇ ਨਾਲ ਲੱਗੀਆਂ ਓਵਰਹੈੱਡ ਤਾਰਾਂ ਅਤੇ ਖੰਭਿਆਂ ਨੂੰ ਹਟਾ ਕੇ ਸੁੰਦਰੀਕਰਨ ਲਈ ਜ਼ਮੀਨਦੋਜ਼ ਕੀਤਾ ਜਾਣਾ ਸੀ। ਇਸ ਦੇ ਉਲਟ ਹੈਰੀਟੇਜ ਸਟਰੀਟ ’ਤੇ ਲਗਭਗ 100 ਹੋਰ ਸਟਰੀਟ ਲਾਈਟਾਂ ਦੇ ਖੰਭੇ ਲਗਾਏ ਗਏ। ਇਸ ਨਾਲ ਪ੍ਰਾਜੈਕਟ ਦਾ ਹਿੱਸਾ ਬਣਨ ਵਾਲੀਆਂ ਸੜਕਾਂ ਹੋਰ ਵੀ ਤੰਗ ਹੋ ਗਈਆਂ ਹਨ, ਜਿਸ ਕਾਰਨ ਆਵਾਜਾਈ ਦੀ ਭੀੜ ਵਧ ਗਈ ਹੈ। ਜ਼ਿਕਰਯੋਗ ਹੈ ਕਿ ਵਿਰਾਸਤੀ ਮਾਰਗ ਸਮਾਣੀਆ ਗੇਟ ਤੋਂ ਏ-ਟੈਂਕ ਤਕ ਗੁੜ-ਮੰਡੀ, ਭਾਂਡਿਆਂ ਵਾਲਾ ਬਾਜ਼ਾਰ, ਕਿਲ੍ਹਾ ਚੌਕ, ਚੂੜੀਆਂ ਵਾਲਾ ਬਾਜ਼ਾਰ, ਸਦਰ ਬਾਜ਼ਾਰ ਤੋਂ ਹੋ ਕੇ ਏ-ਟੈਂਕ ਤਕ ਬਣਾਈ ਜਾਣੀ ਸੀ ਪਰ ਇਹ ਕੰਮ ਪੂਰਾ ਨਹੀਂ ਕੀਤਾ ਗਿਆ। ਤਤਕਾਲੀ ਮੇਅਰ ਸੰਜੀਵ ਸ਼ਰਮਾ ਅਨੁਸਾਰ ਪ੍ਰਾਜੈਕਟ ਨੂੰ ਸੱਤ ਪੜਾਵਾਂ ਵਿੱਚ ਪੂਰਾ ਕੀਤਾ ਜਾਣਾ ਸੀ। ਜੋ ਸਮੇਂ ਅਨੁਸਾਰ ਹੀ ਪੂਰਾ ਹੋਣਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੰਮ ਰੁਕ ਗਿਆ।