ਨਾਗਪੁਰ- ਇਸ ਹਫ਼ਤੇ ਦੇ ਸ਼ੁਰੂ ਵਿਚ ਨਾਗਪੁਰ ’ਚ ਹੋਈ ਹਿੰਸਾ ਦੇ ਸਬੰਧ ਵਿੱਚ ਘੱਟੋ-ਘੱਟ 14 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 105 ਹੋ ਗਈ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਸ਼ੁੱਕਰਵਾਰ ਨੂੰ 10 ਨਾਬਾਲਗਾਂ ਸਮੇਤ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਹੋਰ FIRs ਦਰਜ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਨਾਗਪੁਰ ਦੇ ਕਈ ਹਿੱਸਿਆਂ ਵਿਚ ਵੱਡੇ ਪੱਧਰ ’ਤੇ ਪੱਥਰਬਾਜ਼ੀ ਅਤੇ ਅੱਗਜ਼ਨੀ ਦੀਆਂ ਖ਼ਬਰਾਂ ਆਈਆਂ ਸਨ ਕਿਉਂਕਿ ਵਿਸ਼ਵ ਹਿੰਦੂ ਪਰੀਸ਼ਦ (ਵੀਐਚਪੀ) ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਮਕਬਰੇ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਪਵਿੱਤਰ ਆਇਤਾਂ ਵਾਲੀ ਚਾਦਰ ਸਾੜੀ ਗਈ ਸੀ। ਨਾਗਪੁਰ ਪੁਲੀਸ ਕਮਿਸ਼ਨਰ ਰਵਿੰਦਰ ਕੁਮਾਰ ਸਿੰਘਲ ਨੇ ਕਿਹਾ ਦੰਗਿਆਂ ਦੇ ਸਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤਿੰਨ ਹੋਰ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੁਝ ਹਿੱਸਿਆਂ ਤੋਂ ਕਰਫਿਊ ਹਟਾਉਣ ਦਾ ਫੈਸਲਾ ਉੱਚ-ਪੱਧਰੀ ਸਮੀਖਿਆ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ।