ਗੁਹਾਟੀ- ਨਿਤੀਸ਼ ਰਾਣਾ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਹਸਰੰਗਾ ਦੀ ਵਧੀਆ ਗੇਂਦਬਾਜ਼ੀ ਸਦਕਾ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਪਹਿਲਾਂ 182 ਦੌੜਾਂ ਬਣਾਈਆਂ ਤੇ ਫਿਰ ਚੇਨੱਈ ਨੂੰ 176/6 ਦੇ ਸਕੋਰ ’ਤੇ ਹੀ ਰੋਕ ਦਿੱਤਾ। ਚੇਨੱਈ ਵੱਲੋਂ ਰੁਤੁੂਰਾਜ ਗਾਇਕਵਾੜ ਨੇ ਸਭ ਤੋਂ ਵੱਧ 63 ਦੌੜਾਂ ਦੀ ਪਾਰੀ ਖੇਡੀ। ਰਾਹੁਲ ਤ੍ਰਿਪਾਠੀ 23 ਦੌੜਾਂ ਤੇ ਸ਼ਿਵਮ ਦੂਬੇ 18 ਦੌੜਾਂ ਬਣਾ ਕੇ ਆਊਟ ਹੋਇਆ। ਰਵਿੰਦਰ ਜਡੇਜਾ ਨੇ ਨਾਬਾਦ 32 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿੱਤ ਤੱਕ ਨਾ ਲਿਜਾ ਸਕਿਆ। ਰਾਜਸਥਾਨ ਰੌਇਲਜ਼ ਵੱਲੋਂ ਵਾਨਿੰਦੂ ਹਸਰੰਗਾ ਨੇ 4 ਵਿਕਟਾਂ ਲਈਆਂ ਜਦਕਿ ਜੋਫਰਾ ਆਰਚਰ ਤੇ ਸੰਦੀਪ ਸ਼ਰਮਾ ਨੇ ਇੱਕ ਇੱਕ ਵਿਕਟ ਲਈ। ਨਿਤੀਸ਼ ਰਾਣਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਇਸ ਤੋਂ ਪਹਿਲਾਂ ਰਾਜਸਥਾਨ ਰੌਇਲਜ਼ ਨੇ ਨਿਤੀਸ਼ ਰਾਣਾ ਦੀਆਂ 81 ਦੌੜਾਂ ਸਦਕਾ 20 ਓਵਰਾਂ ’ਚ 9 ਵਿਕਟਾਂ ’ਤੇ 182 ਦੌੜਾਂ ਬਣਾਈਆਂ। ਟੀਮ ਦੇ ਸਕੋਰ ’ਚ ਰਿਆਨ ਪਰਾਗ ਨੇ 37 ਦੌੜਾਂ, ਸੰਜੂ ਸੈਮਸਨ ਨੇ 20 ਤੇ ਸ਼ਿਮਰੌਨ ਹੇਟਮਾਇਰ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਸੁਪਰ ਕਿੰਗਜ਼ ਵੱਲੋਂ ਖਲੀਲ ਅਹਿਮਦ, ਨੂਰ ਅਹਿਮਦ ਤੇ ਮਥੀਸ਼ ਪਥੀਰਾਨਾ ਨੇ ਦੋ-ਦੋ ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਇੱਕ ਵਿਕਟ ਹਾਸਲ ਕੀਤੀ।