PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ

ਵਾਸ਼ਿੰਗਟਨ: ਅਮਰੀਕਾ ਨੇ ਭਾਰਤ ’ਤੇ 27 ਫੀਸਦ ਜਵਾਬੀ (Reciprocal) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਮਰੀਕੀ ਵਸਤਾਂ ’ਤੇ ਭਾਰਤ ਉੱਚ ਦਰਾਮਦ ਟੈਕਸ ਵਸੂਲਦਾ ਹੈ, ਅਜਿਹੇ ਮੌਕੇ ਦੇਸ਼ ਦੇ ਵਪਾਰ ਘਾਟੇ ਨੂੰ ਘੱਟ ਕਰਨ ਤੇ ਉਤਪਾਦਨ (ਮੈਨੂਫੈਕਚਰਿੰਗ) ਨੂੰ ਹੱਲਾਸ਼ੇਰੀ ਦੇਣ ਲਈ ਇਹ ਪੇਸ਼ਕਦਮੀ ਜ਼ਰੂਰੀ ਸੀ। ਉਂਝ ਇਸ ਪੇਸ਼ਕਦਮੀ ਨਾਲ ਅਮਰੀਕਾ ਨੇ ਭਾਰਤ ਦੀ ਬਰਾਮਦ ਉੱਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਰਵਾਇਤੀ ਵਿਰੋਧੀਆਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ, ਜਿਨ੍ਹਾਂ ਨੂੰ ਉਸ ਤੋਂ ਵੱਧ ਟੈਕਸ ਦਾ ਸਾਹਮਣਾ ਕਰਨਾ ਪਏਗਾ।

ਰਾਸ਼ਟਰਪਤੀ ਟਰੰਪ ਨੇ ਆਲਮੀ ਪੱਧਰ ’ਤੇ ਅਮਰੀਕੀ ਉਤਪਾਦਾਂ ’ਤੇ ਲਗਾਏ ਗਏ ਉੱਚ ਟੈਕਸਾਂ ਦੇ ਟਾਕਰੇ ਲਈ ਇਤਿਹਾਸਕ ਪੇਸ਼ਕਦਮੀ ਤਹਿਤ ਭਾਰਤ ਸਣੇ ਕਰੀਬ 60 ਮੁਲਕਾਂ ’ਤੇ ਪਰਸਪਰ (ਜਵਾਬੀ) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਵੱਖ ਵੱਖ ਮੁਲਕਾਂ ਨੂੰ ਟੈਕਸ ਲਗਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦੋ ਅਪਰੈਲ 2025 ਨੂੰ ਹਮੇਸ਼ਾ ਲਈ ਉਸ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਜਿਸ ਦਿਨ ਅਮਰੀਕਾ ਦੇ ਭਾਗ ਮੁੜ ਖੁੱਲ੍ਹੇ, ਜਿਸ ਦਿਨ ਅਸੀਂ ਅਮਰੀਕਾ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਅਸੀਂ ਅਮਰੀਕਾ ਨੂੰ ਖ਼ੁਸ਼ਹਾਲ, ਚੰਗਾ ਤੇ ਸਮਰਿੱਧ ਬਣਾਉਣ ਜਾ ਰਹੇ ਹਾਂ।’’

ਟਰੰਪ ਨੇ ਟੈਕਸਾਂ ਦਾ ਐਲਾਨ ਕਰਦਿਆਂ ਇਕ ਚਾਰਟ ਵੀ ਦਿਖਾਇਆ ਜਿਸ ਵਿਚ ਭਾਰਤ, ਚੀਨ, ਬ੍ਰਿਟੇਨ ਤੇ ਯੂਰਪੀ ਸੰਘ ਜਿਹੇ ਮੁਲਕਾਂ ਵੱਲੋਂ ਲਗਾਏ ਗਏ ਟੈਕਸ ਨਾਲ ਜਵਾਬੀ ਟੈਕਸ ਵੀ ਦਰਸਾਇਆ ਗਿਆ ਸੀ। ਚਾਰਟ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਨੇ ‘ਮੁਦਰਾ ਨਾਲ ਛੇੜਛਾੜ ਤੇ ਵਪਾਰਕ ਅੜਿੱਕਿਆਂ ਸਮੇਤ’ 52 ਫੀਸਦ ਦਾ ਟੈਕਸ ਲਾਇਆ ਹੈ। ਅਮਰੀਕਾ ਵੀ ਹੁਣ ਭਾਰਤ ਤੋਂ ‘ਰਿਆਇਤੀ ਜਵਾਬੀ ਟੈਕਸ’ ਵਸੂਲੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਭਾਰਤ ਬਹੁਤ ਬਹੁਤ ਸਖ਼ਤ ਹੈ। ਬੇਹੱਦ ਸਖ਼ਤ ਹੈ। ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਹੁਣੇ ਹੁਣੇ ਇਥੋਂ ਗਏ ਹਨ। ਉਹ ਮੇਰੇ ਚੰਗੇ ਦੋਸਤ ਹਨ, ਪਰ ਮੈਂ ਉਨ੍ਹਾਂ ਨੂੰ ਕਿਹਾ, ‘‘ਤੁਸੀਂ ਮੇਰੇ ਚੰਗੇ ਦੋਸਤ ਹੋ, ਪਰ ਤੁਸੀਂ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਹੇ ਹੋ। ਉਹ ਸਾਡੇ ਤੋਂ 52 ਫੀਸਦ ਟੈਕਸ ਲੈਂਦੇ ਹਨ। ਤੁਹਾਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਅਸੀਂ ਕਈ ਸਾਲਾਂ ਤੇ ਦਹਾਕਿਆਂ ਤੱਕ ਟੈਕਸ ਦੇ ਨਾਮ ’ਤੇ ਕੁਝ ਨਹੀਂ ਲਿਆ ਤੇ ਇਹ ਸਿਰਫ਼ ਸੱਤ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਸੱਤਾ ਵਿਚ ਆਇਆ ਤੇ ਅਸੀਂ ਉਦੋਂ ਚੀਨ ਤੋਂ ਇਸ ਦੀ ਸ਼ੁਰੂਆਤ ਕੀਤੀ।’’

ਜਵਾਬੀ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਹੀ ਹੈ ਸਰਕਾਰ: ਭਾਰਤ ਦਾ ਵਣਜ ਮੰਤਰਾਲਾ ਅਮਰੀਕਾ ਵੱਲੋਂ ਭਾਰਤ ਤੋਂ ਦਰਾਮਦ ਵਸਤਾਂ ’ਤੇ ਲਗਾਏ ਗਏ 27 ਫੀਸਦ ਜਵਾਬੀ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਿਹਾ ਹੈ। ਇਕ ਅਧਿਕਾਰੀ ਮੁਤਾਬਕ 5 ਅਪਰੈਲ ਤੋਂ ਅਮਰੀਕਾ ਵਿਚ ਸਾਰੀਆਂ ਦਰਾਮਦਾਂ ’ਤੇ ਇਕਸਾਰ 10 ਫੀਸਦ ਜਵਾਬੀ ਟੈਕਸ ਲਾਗੂ ਹੋ ਜਾਵੇਗਾ ਤੇ 10 ਅਪਰੈਲ ਤੋਂ 27 ਫੀਸਦ ਟੈਕਸ ਲਾਗੂ ਹੋਵੇਗਾ। ਅਧਿਕਾਰੀ ਨੇ ਕਿਹਾ, ‘‘ਮੰਤਰਾਲਾ ਐਲਾਨੇ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਿਹਾ ਹੈ।’’

ਮਹਿੰਗਾਈ ਤੇ ਵਪਾਰਕ ਜੰਗ ਦਾ ਖ਼ਤਰਾ ਵਧਿਆ- ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਟੈਕਸਾਂ ਦੇ ਐਲਾਨ ਨਾਲ ਮਹਿੰਗਾਈ ਤੇ ਵਪਾਰਕ ਜੰਗ ਦਾ ਖ਼ਦਸ਼ਾ ਵਧ ਗਿਆ ਹੈ। ਨਵੇਂ ਟੈਕਸਾਂ ਨਾਲ ਚੀਨ ਤੋਂ ਦਰਾਮਦ ਵਸਤਾਂ ’ਤੇ 34 ਫੀਸਦ ਤੇ ਯੂਰੋਪੀ ਸੰਘ ਤੇ ਹੋਰਨਾਂ ਉੈੱਤੇ 20 ਫੀਸਦ ਟੈਕਸ ਲਗਾਇਆ ਗਿਆ ਹੈ, ਜਿਸ ਨਾਲ ਆਲਮੀ ਅਰਥਚਾਰੇ ਦੀ ਬਣਤਰ ਨੂੰ ਵੱਡੀ ਸੱਟ ਵਜਣ ਤੇ ਵਪਾਰਕ ਜੰਗ ਛਿੜਨ ਦਾ ਖ਼ਤਰਾ ਹੈ।

Related posts

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ‘ਫਿਰੌਤੀ ਅਤੇ ਗੋਲੀਬਾਰੀ’ ਮਾਮਲੇ ਵਿੱਚ ਲੋੜੀਂਦੇ ਕੈਨੇਡਾ ’ਚ ਰਹਿ ਰਹੇ ਅਤਿਵਾਦੀ ਗੋਲਡੀ ਬਰਾੜ ਤੇ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਸੂਚਨਾ ਸਾਂਝੀ ਕਰਨ ਵਾਲੇ ਵਿਅਕਤੀਆਂ ਨੂੰ 10-10 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਫਿਰੌਤੀ ਲਈ ਇੱਕ ਕਾਰੋਬਾਰੀ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲੋੜੀਂਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ ਨਗਰ ਨਿਵਾਸੀ ਸ਼ਮਸ਼ੇਰ ਸਿੰਘ ਦੇ ਪੁੱਤਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਪੰਜਾਬ ਦੇ ਹੀ ਰਾਜਪੁਰਾ ਸਥਿਤ ਬਾਬਾ ਦੀਪ ਸਿੰਘ ਕਲੋਨੀ ਨਿਵਾਸੀ ਸੁਖਜਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਉਰਫ ਗੋਲਡੀ ਰਾਜਪੁਰਾ ਖ਼ਿਲਾਫ਼ ਆਈਪੀਸੀ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਐੱਨਆਈਏ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਫਿਰੌਤੀ ਅਤੇ ਇੱਕ ਕਾਰੋਬਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲੋੜੀਂਦੇ ਅਤਿਵਾਦੀ ਗੋਲਡੀ ਬਰਾੜ ਅਤੇ ਇੱਕ ਹੋਰ ਗੈਂਗਸਟਰ ਦੀ ਗ੍ਰਿਫਤਾਰੀ ’ਤੇ ਨਕਦ ਇਨਾਮ ਦਾ ਐਲਾਨ ਕੀਤਾ ਹੈ।’’ ਏਜੰਸੀ ਨੇ ਦੋਵਾਂ ’ਚੋਂ ਕਿਸੇ ਦੀ ਵੀ ਗ੍ਰਿਫਤਾਰੀ ਲਈ ਅਹਿਮ ਜਾਣਕਾਰੀ ਦੇਣ ਲਈ 10-10 ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਸਬੰਧੀ ਸੂਚਨਾ ਐੱਨਆਈਏ ਹੈੱਡਕੁਆਰਟਰ ਦੇ ਫੋਨ ਨੰਬਰ, ਈਮੇਲ, ਵਟਸਐਪ ਜਾਂ ਟੈਲੀਗ੍ਰਾਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ।

On Punjab

ਆਬਕਾਰੀ ਨੀਤੀ ਘੁਟਾਲਾ: ਅਦਾਲਤ ਵੱਲੋਂ ਕੇਜਰੀਵਾਲ ਦੀ ਰਿਹਾਈ ਦੇ ਹੁਕਮ ਜਾਰੀ

On Punjab

ਪੰਜਾਬ ਵਿਧਾਨ ਸਭਾ ਵਿੱਚ ਤਖਤੀਆਂ ਲੈ ਕੇ ਪਹੁੰਚੇ ਕਾਂਗਰਸੀ ਵਿਧਾਇਕ

On Punjab