ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਨੂੰ ਮੁੜ ਸ਼ੁਰੂ ਕਰਨ ਦੇ ਹੁਕਮ ਵਿਰੁੱਧ ਦਾਇਰ ਪਟੀਸ਼ਨ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।
ਕਰਨਾਟਕ ਹਾਈ ਕੋਰਟ ਨੇ 5 ਜਨਵਰੀ, 2021 ਨੂੰ ਸ਼ਿਕਾਇਤਕਰਤਾ ਏ ਆਲਮ ਪਾਸ਼ਾ ਦੀ ਪਟੀਸ਼ਨ ਨੂੰ ਮਨਜ਼ੂਰ ਕੀਤਾ ਸੀ। ਪਾਸ਼ਾ ਨੇ ਯੇਦੀਯੁਰੱਪਾ ਅਤੇ ਸਾਬਕਾ ਉਦਯੋਗ ਮੰਤਰੀ ਮੁਰੁਗੇਸ਼ ਆਰ ਨਿਰਾਨੀ ਅਤੇ ਕਰਨਾਟਕ ਉਦਯੋਗ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਸ਼ਿਵਾਸਵਾਮੀ ਕੇ.ਐਸ ਖਿਲਾਫ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ। ਸਰਵਉਚ ਅਦਾਲਤ ਦੇ ਜਸਟਿਸ ਜੇ ਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਚਾਰ ਅਪਰੈਲ ਨੂੰ ਸੁਣਵਾਈ ਮੁਕੰਮਲ ਕੀਤੀ ਤੇ ਇਸ ਤੋਂ ਬਾਅਦ ਇਸ ’ਤੇ ਫੈਸਲਾ ਰਾਖਵਾਂ ਰੱਖ ਲਿਆ।