62.42 F
New York, US
April 23, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਲੋਕ ਸਭਾ ਸਪੀਕਰ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ ਵਿੱਚ ਸੰਬੋਧਨ ਕੀਤਾ

ਫਗਵਾੜਾ:  ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਨੌਜਵਾਨਾਂ ਨੂੰ ਇੱਕ ਮਜ਼ਬੂਤ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਹਿੱਸੇਦਾਰ ਬਣਨ ਲਈ ਹੱਲ੍ਹਾਸ਼ੇਰੀ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ, ਨਵੀਨਤਾ ਅਤੇ ਆਲਮੀ ਲੀਡਰਸ਼ਿਪ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਅਤੇ ਲੋਕਤੰਤਰ, ਖੋਜ, ਕਾਨੂੰਨ ਨਿਰਮਾਣ ਅਤੇ ਤਕਨੀਕੀ ਤਰੱਕੀ ਵਿੱਚ ਹਿੱਸਾ ਲੈ ਕੇ ਭਾਰਤ ਦੀ ਵਿਕਾਸ ਗਾਥਾ ਵਿੱਚ ਅਰਥਪੂਰਨ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਸ਼੍ਰੀ ਬਿਰਲਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਸਾਲਾਨਾ ਸੱਭਿਆਚਾਰਕ ਉਤਸਵ ਅਤੇ ਅਧਿਐਨ ਗ੍ਰਾਂਟ ਪੁਰਸਕਾਰਾਂ ਮੌਕੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਜੋ “ਇੱਕ ਭਾਰਤ ਅਤੇ ਇੱਕ ਵਿਸ਼ਵ” ਥੀਮ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਵਿਕਸਤ ਭਾਰਤ 2047 ਦੇ ਵਿਚਾਰ ਨੂੰ ਸਪੱਸ਼ਟ ਕੀਤਾ, ਜਿਸ ਵਿੱਚ ਆਰਥਿਕ ਵਿਕਾਸ, ਸਮਾਜਿਕ ਬਰਾਬਰੀ, ਵਿਸ਼ਵ ਲੀਡਰਸ਼ਿਪ ਅਤੇ ਸਥਿਰਤਾ ਸ਼ਾਮਲ ਹੈ। ਸਪੀਕਰ ਦੇ ਭਾਸ਼ਣ ਨੇ ਨੌਜਵਾਨਾਂ ‘ਤੇ ਡੂੰਘਾ ਪ੍ਰਭਾਵ ਛੱਡਿਆ ਅਤੇ ਉਨ੍ਹਾਂ ਨੂੰ ਭਾਰਤ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਸਰਗਰਮ ਭਾਗੀਦਾਰ ਬਣਨ ਦੀ ਅਪੀਲ ਕੀਤੀ।
ਉਨ੍ਹਾਂ ਜ਼ਿਕਰ ਕੀਤਾ ਕਿ ਭਾਰਤ ਅੱਜ ਵਿਸ਼ਵ ਪੱਧਰ ‘ਤੇ ਆਪਣੀ ਜੀਵੰਤ ਨੌਜਵਾਨ ਆਬਾਦੀ ਲਈ ਮਾਨਤਾ ਹਾਸਲ ਕਰ ਰਿਹਾ ਹੈ, ਜੋ ਸਾਰੇ ਖੇਤਰਾਂ – ਤਕਨਾਲੋਜੀ, ਸ਼ਾਸਨ, ਅਕਾਦਮਿਕਤਾ ਅਤੇ ਉੱਦਮਤਾ ਵਿੱਚ ਉੱਤਮਤਾ ਪ੍ਰਾਪਤ ਕਰ ਰਹੇ ਹਨ। ਸਪੀਕਰ ਨੇ ਵਿਦਿਆਰਥੀਆਂ ਨੂੰ ਦ੍ਰਿੜਤਾ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇਮਾਨਦਾਰੀ, ਨਵੀਨਤਾ ਅਤੇ ਸੇਵਾ ਦੀ ਭਾਵਨਾ ਨਾਲ ਭਾਰਤ ਦੀ ਆਲਮੀ ਸਥਿਤੀ ਨੂੰ ਸਮ੍ਰਿੱਧ ਬਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਚਾਨਣਾ ਪਾਇਆ ਕਿ ਭਾਰਤੀ ਵਿਦਿਆਰਥੀ ਨਵੀਨਤਾ, ਵਿਭਿੰਨਤਾ ਅਤੇ ਆਲਮੀ ਲੀਡਰਸ਼ਿਪ ਦੀ ਭਾਵਨਾ ਨੂੰ ਦਰਸਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰਚਨਾਤਮਕਤਾ, ਨਵੀਨਤਾ, ਉੱਦਮੀ ਭਾਵਨਾ ਅਤੇ ਨੈਤਿਕ ਦ੍ਰਿੜਤਾ ਨਾਲ, ਭਾਰਤ ਦੇ ਨੌਜਵਾਨ ਇਸ ਦੇਸ਼ ਨੂੰ ਦੁਨੀਆ ਲਈ ਇੱਕ ਮਾਡਲ ਬਣਨ ਵੱਲ ਲਿਜਾ ਸਕਦੇ ਹਨ।
ਇਹ ਦੱਸਦੇ ਹੋਏ ਕਿ ਸਿੱਖਿਆ ਨੂੰ ਰਵਾਇਤੀ ਗਿਆਨ ਅਤੇ ਆਧੁਨਿਕ ਨਵੀਨਤਾ ਦਾ ਇੱਕ ਸੁਹਿਰਦ ਮਿਸ਼ਰਣ ਹੋਣਾ ਚਾਹੀਦਾ ਹੈ, ਸ਼੍ਰੀ ਬਿਰਲਾ ਨੇ ਤਕਨਾਲੋਜੀ ਅਤੇ ਸਮਕਾਲੀ ਗਿਆਨ ਪ੍ਰਣਾਲੀਆਂ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਅਪਣਾਉਂਦੇ ਹੋਏ ਸੰਸਕ੍ਰਿਤਕ ਜੜ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਦੀਆਂ ਪ੍ਰਾਚੀਨ ਵਿਦਿਅਕ ਪਰੰਪਰਾਵਾਂ ਵਿੱਚ ਸਮਾਈਆਂ ਸਦੀਵੀ ਕਦਰਾਂ ਕੀਮਤਾਂ ਨੂੰ ਉਸ ਬੁਨਿਆਦ ਵਜੋਂ ਕੰਮ ਕਰਨਾ ਚਾਹੀਦਾ ਹੈ, ਜਿਸ ‘ਤੇ ਵਿਗਿਆਨ, ਤਕਨਾਲੋਜੀ ਅਤੇ ਸਿੱਖਿਆ ਸ਼ਾਸਤਰ ਵਿੱਚ ਆਧੁਨਿਕ ਤਰੱਕੀ ਦਾ ਨਿਰਮਾਣ ਹੁੰਦਾ ਹੈ। ਤੇਜ਼ੀ ਨਾਲ ਵਿਕਸਿਤ ਹੋ ਰਹੇ ਆਲਮੀ ਦ੍ਰਿਸ਼ਟੀਕੋਣ ਵਿੱਚ, ਇਹ ਲਾਜ਼ਮੀ ਹੈ ਕਿ ਸਿੱਖਿਆ ਪ੍ਰਣਾਲੀ ਨਾ ਸਿਰਫ਼ ਹੁਨਰਮੰਦ ਪੇਸ਼ੇਵਰਾਂ ਦਾ ਪੋਸ਼ਣ ਕਰੇ, ਸਗੋਂ ਸਮਾਜਿਕ ਤੌਰ ‘ਤੇ ਚੇਤੰਨ ਨਾਗਰਿਕਾਂ ਦਾ ਵੀ ਪੋਸ਼ਣ ਕਰੇ, ਜੋ ਵਿਰਾਸਤ ਨਾਲ ਜੁੜੇ ਹਨ ਅਤੇ ਭਵਿੱਖ ਨੂੰ ਆਕਾਰ ਦੇਣ ਲਈ ਤਿਆਰ ਹਨ। ਉਨ੍ਹਾਂ ਨੇ ਨੌਜਵਾਨਾਂ ਵਿੱਚ ਰਾਸ਼ਟਰੀ ਪਛਾਣ, ਆਲਮੀ ਦ੍ਰਿਸ਼ਟੀਕੋਣ ਅਤੇ ਸਮਾਜਿਕ ਵਚਨਬੱਧਤਾ ਦੇ ਅਧਾਰ ‘ਤੇ ਉਦੇਸ਼ ਦੀ ਭਾਵਨਾ ਵਿਕਸਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਭਾਰਤ ਦੀ ਵਿਦਿਅਕ ਤਰੱਕੀ ਦੇ ਪ੍ਰਤੀਕ ਵਜੋਂ ਐੱਲਪੀਯੂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਯੂਨੀਵਰਸਿਟੀ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਦਰਸਾਉਂਦੀ ਹੈ। ਉਨ੍ਹਾਂ ਐੱਲਪੀਯੂ ਨੂੰ ਦੇਸ਼ ਦੀ ਸੱਭਿਆਚਾਰਕ ਅਮੀਰੀ ਦਾ ਇੱਕ ਅਸਲ ਸੂਖਮ ਜਗਤ ਆਖਿਆ, ਜਿੱਥੇ ਹਰ ਭਾਰਤੀ ਰਾਜ ਅਤੇ 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਦੋਸਤੀ ਅਤੇ ਆਪਸੀ ਸਤਿਕਾਰ ਦੇ ਮਾਹੌਲ ਵਿੱਚ ਇਕੱਠੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਐੱਲਪੀਯੂ ਸਮੇਂ ਨਾਲ ਵਿਕਸਿਤ ਹੋ ਰਹੀਆਂ ਲੋੜਾਂ ਦੇ ਅਨੁਸਾਰ ਲਗਾਤਾਰ ਢਲਿਆ ਹੈ, ਭਾਰਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦੇ ਹੋਏ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਹਨ। “ਇੱਕ ਭਾਰਤ, ਇੱਕ ਵਿਸ਼ਵ” ਵਰਗੇ ਸਮਾਗਮਾਂ ਦੀ ਭਾਰਤ ਦੇ ਸੱਭਿਅਤਾਵਾਦੀ ਦਰਸ਼ਨ, ‘ਵਸੁਧੈਵ ਕੁਟੁੰਬਕਮ – ਦੁਨੀਆ ਇੱਕ ਪਰਿਵਾਰ’ ਦੀਆਂ ਸ਼ਾਨਦਾਰ ਉਦਾਹਰਣਾਂ ਵਜੋਂ ਸ਼ਲਾਘਾ ਕੀਤੀ। ਸਪੀਕਰ ਨੇ ਅੱਗੇ ਕਿਹਾ ਕਿ ਅੱਜ ਆਪਸ ਵਿੱਚ ਜੁੜੇ ਹੋਏ ਜਿਸ ਸੰਸਾਰ ਵਿੱਚ ਅਸੀਂ ਰਹਿੰਦੇ ਹਾਂ, ਭਾਰਤ ਦੇ ਨੌਜਵਾਨਾਂ ਨੂੰ ਰਾਸ਼ਟਰੀ ਸਰਹੱਦਾਂ ਤੋਂ ਪਰ੍ਹੇ ਸੋਚਣਾ ਚਾਹੀਦਾ ਹੈ। ਸਪੀਕਰ ਨੇ ਚਾਨਣਾ ਪਾਇਆ ਕਿ ਉਨ੍ਹਾਂ ਨੂੰ ਭਾਰਤੀ ਦਿਲ ਵਾਲੇ ਆਲਮੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਇਹੀ ‘ਇੱਕ ਭਾਰਤ ਅਤੇ ਇੱਕ ਵਿਸ਼ਵ’ ਹੈ।
ਸ਼੍ਰੀ ਓਮ ਬਿਰਲਾ ਨੇ ਭਾਰਤ ਦੇ ਭਵਿੱਖ ਲਈ ਆਪਣੀ ਉਮੀਦ ਅਤੇ ਨੌਜਵਾਨ ਪੀੜ੍ਹੀ ਵਿੱਚ ਆਪਣੇ ਡੂੰਘੇ ਭਰੋਸੇ ਨੂੰ ਦੁਹਰਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਵੇਂ-ਜਿਵੇਂ ਅਸੀਂ 2047 ਵੱਲ ਵਧ ਰਹੇ ਹਾਂ, ਆਓ ਅਸੀਂ ਇੱਕ ਅਜਿਹਾ ਭਾਰਤ ਬਣਾਉਣ ਦਾ ਵਾਅਦਾ ਕਰੀਏ, ਜੋ ਸਿਰਫ਼ ਵਿਕਸਿਤ ਹੀ ਨਹੀਂ ਸਗੋਂ ਨਿਆਂਪੂਰਨ, ਸਮਾਵੇਸ਼ੀ, ਦਿਆਲੂ ਅਤੇ ਬੁੱਧੀਮਾਨ ਵੀ ਹੋਵੇ ਅਤੇ ਆਓ ਅਸੀਂ ਇੱਕ ਅਜਿਹੀ ਦੁਨੀਆ ਲਈ ਕੰਮ ਕਰੀਏ, ਜਿੱਥੇ ਭਾਰਤ ਕਦਰਾਂ-ਕੀਮਤਾਂ ਨਾਲ ਅਗਵਾਈ ਕਰੇ ਅਤੇ ਜਿੱਥੇ ਹਰ ਭਾਰਤੀ ਆਲਮੀ ਭਲਾਈ ਵਿੱਚ ਯੋਗਦਾਨ ਪਾਵੇ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ, ਫੈਕਲਟੀ ਮੈਂਬਰ, ਅਕਾਦਮਿਕ ਆਗੂ ਅਤੇ ਪਰਿਵਾਰ ਸ਼ਾਮਲ ਸਨ। ਸ਼੍ਰੀ ਬਿਰਲਾ ਨੇ ਗ੍ਰੈਜੂਏਟ ਹੋਣ ਵਾਲੀ ਕਲਾਸ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਪੇਸ਼ੇਵਰ ਸਫ਼ਰਾਂ ਵਿੱਚ ਅਨੁਸ਼ਾਸਨ, ਦ੍ਰਿੜਤਾ ਅਤੇ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਲੈ ਕੇ ਜਾਣ ਅਤੇ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਤੋਂ ਜੁੜੇ ਰਹਿੰਦਿਆਂ ਉੱਤਮਤਾ ਲਈ ਯਤਨ ਕਰਨ ਲਈ ਉਤਸ਼ਾਹਿਤ ਕੀਤਾ। ਸੰਸਦ ਮੈਂਬਰ ਸ਼੍ਰੀ ਅਸ਼ੋਕ ਮਿੱਤਲ ਅਤੇ ਹੋਰ ਪਤਵੰਤੇ ਇਸ ਮੌਕੇ ‘ਤੇ ਮੌਜੂਦ ਸਨ।

Related posts

ਉਨਾਵ ਬਲਾਤਕਾਰ ਮਾਮਲਾ ‘ਤੇ ਕਸੂਤੀ ਘਿਰੀ ਬੀਜੇਪੀ, ਦਿੱਲੀ ਤੋਂ ਲਖਨਊ ਤਕ ਚੜ੍ਹਿਆ ਪਾਰਾ

On Punjab

Guru Tegh Bahadur 400th birth anniversary : ਉੱਚ-ਪੱਧਰੀ ਬੈਠਕ ’ਚ ਪੀਐਮ ਮੋਦੀ ਦੇ ਸਾਹਮਣੇ ਪੰਜਾਬ ਸੀਐਮ ਨੇ ਰੱਖੇ ਇਹ ਵਿਚਾਰ

On Punjab

ਚਾਰਧਾਮ ਯਾਤਰਾ 2022 : ਗੌਰੀਕੁੰਡ ਤੋਂ ਅੱਗੇ ਟੁੱਟਿਆ ਕੇਦਾਰਨਾਥ ਪੈਦਲ ਮਾਰਗ ਦੋ ਘੰਟੇ ਬਾਅਦ ਸੁਚਾਰੂ, ਯਾਤਰੀ ਰਵਾਨਾ

On Punjab