PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਹਮਲੇ ਪਿੱਛੋਂ ਦੇਸ਼ ’ਚ ਕਸ਼ਮੀਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ’

ਸ੍ਰੀਨਗਰ: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਪ੍ਰੇਸ਼ਾਨ ਕਰਨ, ਡਰਾਉਣ ਅਤੇ ਧਮਕਾਉਣ ਦੀਆਂ ਕਾਲਾਂ’ ਆਉਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਇਹ ਦੋਸ਼ ਵਾਦੀ ਦੇ ਕੁਝ ਸਿਆਸੀ ਆਗੂਆਂ ਅਤੇ ਵਾਦੀ ਦੀ ਵਿਦਿਆਰਥੀ ਜਥੇਬੰਦੀ ਨੇ ਲਾਏ ਹਨ।

ਪੀਪਲਜ਼ ਕਾਨਫਰੰਸ ਦੇ ਮੁਖੀ ਅਤੇ ਹੰਦਵਾੜਾ ਦੇ ਵਿਧਾਇਕ ਸਜਾਦ ਲੋਨ ਨੇ X ‘ਤੇ ਇਕ ਪੋਸਟ ਵਿਚ ਕਿਹਾ, “ਦੇਸ਼ ਭਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜਿੱਥੇ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕੀਤਾ ਗਿਆ, ਕੁੱਟਿਆ ਗਿਆ, ਧੱਕੇਸ਼ਾਹੀ ਕੀਤੀ ਗਈ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੀਆਂ ਰਿਹਾਇਸ਼ੀ ਥਾਵਾਂ ਖਾਲੀ ਕਰਨ ਲਈ ਵੀ ਕਿਹਾ ਗਿਆ।”

ਉਨ੍ਹਾਂ ਕੇਂਦਰ ਸਰਕਾਰ ਨੂੰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ, ਜੰਮੂ-ਕਸ਼ਮੀਰ ਵਿਦਿਆਰਥੀ ਐਸੋਸੀਏਸ਼ਨ (J&K Students Association) ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਦੇਸ਼ ਭਰ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ “ਪ੍ਰੇਸ਼ਾਨ, ਡਰਾਉਣ ਅਤੇ ਧਮਕੀ ਭਰੀਆਂ ਕਾਲਾਂ” ਬਾਰੇ ਰਿਪੋਰਟਾਂ ਮਿਲੀਆਂ ਹਨ।

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਅਤੇ ਇਕਜੁੱਟਤਾ ਪ੍ਰਗਟ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ। ਉਨ੍ਹਾਂ ਕਿਹਾ, “ਅਸੀਂ ਇਸ ਸੋਗ ਦੀ ਘੜੀ ਵਿੱਚ ਦੇਸ਼ ਦੇ ਨਾਲ ਖੜ੍ਹੇ ਹਾਂ।”

ਉਨ੍ਹਾਂ ਕਿਹਾ, “ਮੈਂ ਉਨ੍ਹਾਂ ਨੂੰ ਕੁਝ ਤੱਤਾਂ ਵੱਲੋਂ ਵੱਖ-ਵੱਖ ਰਾਜਾਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਖੁੱਲ੍ਹੇਆਮ ਧਮਕੀਆਂ ਦੇਣ ਦੇ ਮੱਦੇਨਜ਼ਰ ਦਖ਼ਲ ਦੇਣ ਦੀ ਵੀ ਬੇਨਤੀ ਕੀਤੀ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ, ਉੱਥੇ ਕਸ਼ਮੀਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਿਨਾਂ ਦੇਰੀ ਦਖਲ ਦੇਣ।”

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਤੀ ਪ੍ਰਤੀਕਿਰਿਆ- ਅਜਿਹੀਆਂ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਉਮਰ ਅਬਦੁੱਲਾ ਨੇ X ‘ਤੇ ਲਿਖਿਆ: “ਜੰਮੂ-ਕਸ਼ਮੀਰ ਸਰਕਾਰ ਉਨ੍ਹਾਂ ਰਾਜਾਂ ਦੀਆਂ ਸਰਕਾਰਾਂ ਨਾਲ ਰਾਬਤੇ ਵਿੱਚ ਹੈ ਜਿੱਥੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ। ਮੈਂ ਇਨ੍ਹਾਂ ਰਾਜਾਂ ਦੇ ਆਪਣੇ ਹਮਰੁਤਬਾ ਮੁੱਖ ਮੰਤਰੀਆਂ ਦੇ ਵੀ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਨੂੰ ਵਾਧੂ ਧਿਆਨ ਰੱਖਣ ਦੀ ਬੇਨਤੀ ਕੀਤੀ ਹੈ।”

ਇਸ ਤੋਂ ਪਹਿਲਾਂ, ਨੈਸ਼ਨਲ ਕਾਨਫਰੰਸ ਦੇ ਨੇਤਾ ਇਮਰਾਨ ਨਬੀ ਡਾਰ ਨੇ ਕਿਹਾ ਸੀ ਕਿ ਦੇਸ਼ ਭਰ ਵਿੱਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਸ਼ੇਅਰ ਕੀਤੇ ਜਾ ਰਹੇ ਹਨ, ਜਿਸ ਵਿੱਚ ਉਹ ਆਪਣੀ ਸੁਰੱਖਿਆ ਬਾਰੇ ਚਿੰਤਾ ਪ੍ਰਗਟਾ ਰਹੇ ਹਨ। ਉਨ੍ਹਾਂ ਆਪਣੀ X ਪੋਸਟ ਵਿਚ ਕਿਹਾ, “ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਬੇਨਤੀ ਹੈ ਕਿ ਉਹ ਤੁਰੰਤ ਦਖਲ ਦੇਣ ਅਤੇ ਦੇਸ਼ ਭਰ ਦੇ ਆਪਣੇ ਹਮਰੁਤਬਾਵਾਂ ਨਾਲ ਗੱਲ ਕਰਨ।”

Related posts

ਭਾਜਪਾ-ਆਰਐੱਸਐੱਸ ਤੋਂ ਇਲਾਵਾ ‘ਭਾਰਤ ਰਾਜ’ ਨਾਲ ਵੀ ਲੜ ਰਹੀ ਹੈ ਕਾਂਗਰਸ: ਰਾਹੁਲ

On Punjab

ਬੈਂਕ ਯੂਨੀਅਨਾਂ 24 ਤੇ 25 ਮਾਰਚ ਦੀ ਹੜਤਾਲ ਲਈ ਬਜ਼ਿੱਦ

On Punjab

ਬਾਈਡਨ ਪ੍ਰਸ਼ਾਸਨ ਨੇ H1B ਵੀਜ਼ਾ ਕਾਮਿਆਂ ਦੇ ਤਨਖਾਹ ਨਿਰਧਾਰਣ ਦਾ ਕੰਮ ਡੇਢ ਸਾਲ ਲਈ ਟਾਲ਼ਿਆ

On Punjab