ਮੁੰਬਈ: ਗਾਇਕ ਬਾਦਸ਼ਾਹ ਜਲਦੀ ਹੀ ਆਪਣਾ ਨਵਾਂ ਗੀਤ ‘ਗਲੀਓਂ ਕੇ ਗਾਲਿਬ’ ਰਿਲੀਜ਼ ਕਰੇਗਾ। ਗੀਤ ‘ਮਰਸੀ’ ਦੇ ਗਾਇਕ ਨੇ ਐਤਵਾਰ ਨੂੰ ਇਸ ਸਬੰਧੀ ਇੰਸਟਾਗ੍ਰਾਮ ’ਤੇ ਗੀਤ ਦਾ ਟੀਜ਼ਰ ਜਾਰੀ ਕੀਤਾ ਹੈ। ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ 30 ਅਪਰੈਲ ਨੂੰ ਆਪਣਾ ਪੂਰਾ ਗੀਤ ਰਿਲੀਜ਼ ਕਰੇਗਾ। ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਹ ਗੀਤ 30 ਅਪਰੈਲ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਜਾਵੇਗਾ। ਜਿਵੇਂ ਹੀ ਗਾਇਕ ਨੇ ਇਸ ਗੀਤ ਦਾ ਟੀਜ਼ਰ ਅਪਲੋਡ ਕੀਤਾ ਤਾਂ ਉਸ ਦੇ ਪ੍ਰਸ਼ੰਸਕਾਂ ਨੇ ਵੱਡੀ ਗਿਣਤੀ ’ਚ ਕੁਮੈਂਟ ਕੀਤੇ ਹਨ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ‘ਬਹੁਤ ਵਧੀਆ’, ਇਸ ਤੋਂ ਇਲਾਵਾ ਹੋਰ ਵੀ ਕੁਮੈਂਟ ਕੀਤੇ ਗਏ ਹਨ। ਇਸੇ ਦੌਰਾਨ ਬਾਦਸ਼ਾਹ ਨੇ ਆਪਣੇ ਅਮਰੀਕਾ ਦੌਰੇ ‘ਦਿ ਅਨਫਿਨਿਸ਼ਡ ਟੂਰ’ ਦਾ ਐਲਾਨ ਕੀਤਾ ਹੈ। ਉਸ ਸਤੰਬਰ 2025 ਵਿੱਚ ਵਰਜੀਨੀਆ, ਨਿਊ ਜਰਸੀ, ਸਿਆਟਲ, ਡਲਾਸ ਅਤੇ ਸ਼ਿਕਾਗੋ ’ਚ ਸ਼ੋਅ ਕਰੇਗਾ। ਇਸ ਦੌਰੇ ਸਬੰਧੀ ਗਾਇਕ ਨੇ ਕਿਹਾ ਕਿ ਪਿਛਲੇ ਸਾਲ ਉਹ ਛੇ ਸਾਲਾਂ ਮਗਰੋਂ ਅਮਰੀਕਾ ਗਿਆ ਸੀ। ਇਸ ਦੌਰਾਨ ਉਸ ਨੂੰ ਬੇਹੱਦ ਪਿਆਰ ਮਿਲਿਆ। ਉਸ ਨੇ ਕਿਹਾ ਕਿ ਡੱਲਾਸ ਉਸ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਸ ਨੇ ਕਿਹਾ ਕਿ ਉਹ ਇਸ ਸ਼ਹਿਰ ਵਿੱਚ ਜਾਣਾ ਚਾਹੁੰਦਾ ਸੀ ਪਰ ਉਸ ਸਮੇਂ ਦੌਰਾ ਵਿੱਚ ਹੀ ਰੋਕ ਦਿੱਤਾ ਗਿਆ ਸੀ। ਇਸ ਕਾਰਨ ਉਸ ਕਾਫ਼ੀ ਦੁੱਖ ਲੱਗਿਆ ਸੀ। ਉਸ ਨੇ ਕਿਹਾ ਕਿ ਇਸ ਸਾਲ ਸਤੰਬਰ ਮਹੀਨੇ ਉਹ ਵਾਪਸ ਅਮਰੀਕਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਹ ਸਾਧਾਰਨ ਟੂਰ ਨਹੀਂ ਹੈ। ਇਹ ਸ਼ੋਅ ਦਰਸ਼ਕਾਂ ਲਈ ਬੇਹੱਦ ਖ਼ਾਸ ਅਨੁਭਵ ਦੇਣ ਵਾਲਾ ਹੋਵੇਗਾ। ਉਸ ਨੇ ਕਿਹਾ ਕਿ ‘ਦਿ ਅਨਫਿਨਿਸ਼ਡ ਟੂਰ’ ਉਸ ਦੇ ਪ੍ਰਸ਼ੰਸਕਾਂ ਲਈ ਇੱਕ ਵਾਅਦਾ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਮਾਹੌਲ ਦਿੱਤਾ ਜਾਵੇਗਾ ਜੋ ਉਨ੍ਹਾਂ ਲਈ ਨਾ-ਭੁੱਲਣਯੋਗ ਹੋਵੇਗਾ।