ਚੰਡੀਗੜ੍ਹ: ਆਸਟ੍ਰੇਲੀਆ ਦੀ ਸਨਸ਼ਾਈਨ ਕੋਸਟ ਯੂਨੀਵਰਸਿਟੀ ਵਿੱਚ ਹੋਈ ਖੋਜ ਵਿੱਚ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਫੋਨ ਤੇ ਟੈਬਲੇਟਸ ਸਰੀਰ ਦਾ ਢਾਂਚਾ ਵਿਗਾੜ ਰਹੇ ਹਨ। ਖੋਜੀਆਂ ਮੁਤਾਬਕ ਗੈਜੇਟਸ ‘ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਿਰ ਦੇ ਪਿਛਲੇ ਹਿੱਸੇ ਵਿੱਚ ਇੱਕ ਵਾਧੂ ਨੁਕੀਲੀ ਹੱਡੀ ਵੇਖੀ ਜਾ ਰਹੀ ਹੈ। ਇਸ ਨੂੰ ‘ਟੈਕਸਟ ਨੈੱਕ’ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਆਕਾਰ 2.6 ਸੈਮੀ ਤਕ ਵੇਖਿਆ ਗਿਆ ਹੈ। ਮੋਬਾਈਲ-ਟੈਬਲੇਟਸ ਦਾ ਜ਼ਿਆਦਾ ਇਸਤੇਮਾਲ ਕਰਨ ਵਾਲੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਸਿਰ ਦੀ ਸਕੈਨਿੰਗ ਕਰਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਵਿਗਿਆਨੀਆਂ ਨੇ ਇਸ ਹੱਡੀ ਦਾ ਪਤਾ ਲਾਉਣ ਲਈ 18-86 ਸਾਲ ਦੀ ਉਮਰ ਦੇ ਲੋਕਾਂ ‘ਤੇ ਖੋਜ ਕੀਤੀ। ਸਾਹਮਣੇ ਆਇਆ ਕਿ ‘ਟੈਕਸਟ ਨੈੱਕ’ ਦੇ ਮਾਮਲੇ 18-30 ਸਾਲ ਦੀ ਉਮਰ ਵਿੱਚ ਵੱਧ ਵੇਖੇ ਗਏ। ਇਸ ਦਾ ਕਾਰਨ ਗੈਜੇਟਸ ਦਾ ਹੱਦ ਤੋਂ ਵੱਧ ਇਸਤੇਮਾਲ ਕਰਨਾ ਹੈ। ਗਰਦਨ ਵਿੱਚ ਨੁਕੀਲੀ ਹੱਡੀ ਵਿਕਸਤ ਹੋਣ ਦੇ ਮਾਮਲੇ ਪਿਛਲੇ ਇੱਕ ਦਹਾਕੇ ਤੋਂ ਵੇਖੇ ਜਾ ਰਹੇ ਹਨ। ਇਸ ਤੋਂ ਪਹਿਲਾਂ ਅਜਿਹਾ ਨਹੀਂ ਸੀ।
ਦਰਅਸਲ ਗੈਜੇਟਸ ਦਾ ਇਸਤੇਮਾਲ ਕਰਨ ਲੱਗਿਆਂ ਧੌਣ ਤੋਂ ਪਿੱਠ ਵੱਲ ਆਉਣ ਵਾਲੀਆਂ ਮਾਸ ਪੇਸ਼ੀਆਂ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਮਾਸਪੇਸ਼ੀਆਂ ‘ਤੇ ਸਿਰ ਦਾ ਕਰੀਬ 5 ਕਿੱਲੋ ਤਕ ਦਾ ਵਜ਼ਨ ਪੈਂਦਾ ਹੈ। ਇਸ ਭਾਰ ਨੂੰ ਘੱਟ ਕਰਨ ਲਈ ਧੌਣ ਦੇ ਪਿਛਲੇ ਹਿੱਸੇ ਵਿੱਚ ਇੱਕ ਨਵੀਂ ਹੱਡੀ ਵਿਕਸਿਤ ਹੋ ਰਹੀ ਹੈ।
ਖੋਜ ਕਰਨ ਵਾਲੇ ਡਾ. ਜੇਮਸ ਕਾਰਟਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਵੀ ਰੀੜ੍ਹ ਦੀ ਹੱਡੀ ਦਾ ਆਕਾਰ ਵੀ ਬਦਲ ਰਿਹਾ ਹੈ। ਮੋਬਾਈਲ ਫੋਨ ਦਾ ਜ਼ਿਆਦਾ ਇਸਤੇਮਾਲ ਕਰਨ ਕਰਕੇ ਸਿਰ ਦਰਦ, ਪਿੱਠ ਦਰਦ ਤੇ ਧੌਣ ਦੇ ਨਾਲ-ਨਾਲ ਮੋਢਿਆਂ ਵਿੱਚ ਪੀੜ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਇਸ ਦਾ ਕਾਰਨ ਟੈਕਸਟ ਨੈੱਕ ਹੈ।