ਨਵੀਂ ਦਿੱਲੀ: ਰਾਜ ਸਭਾ ਵਿੱਚ ਵੀਰਵਾਰ ਨੂੰ ਕਰਨਾਟਕ ਤੇ ਗੋਆ ਦੇ ਸਿਆਸੀ ਹਾਲਾਤ ਬਾਰੇ ਹੰਗਾਮਾ ਹੋਇਆ। ਦੋਵਾਂ ਸੂਬਿਆਂ ਵਿੱਚ ਕਾਂਗਰਸ ਸਰਕਾਰਾਂ ਸੰਕਟ ਵਿੱਚ ਹਨ। ਕਾਂਗਰਸ ਦਾ ਇਲਜ਼ਾਮ ਹੈ ਕਿ ਸੱਤਾਧਿਰ ਬੀਜੇਪੀ ਵਿਰੋਧੀ ਸਰਕਾਰਾਂ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਇਸ ਨੂੰ ਕਾਂਗਰਸ ਦਾ ਘਰੇਲੂ ਮਾਮਲਾ ਦੱਸ ਰਹੀ ਹੈ।
ਇਸ ਤੋਂ ਪਹਿਲਾਂ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਨੇ ਸੰਸਦ ਕੈਂਪਸ ਵਿੱਚ ਗਾਂਧੀ ਦੇ ਬੁੱਤ ਸਾਹਮਣੇ ਪ੍ਰਦਰਸ਼ਨ ਕੀਤੇ ਤੇ ‘ਲੋਕਤੰਤਰ ਬਚਾਓ’ ਦਾ ਨਾਅਰਾ ਲਾਇਆ। ਦੱਸ ਦੇਈਏ ਗੋਆ ‘ਚ ਬੁੱਧਵਾਰ ਨੂੰ ਕਾਂਗਰਸ ਦੇ 15 ਵਿੱਚੋਂ 10 ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਗਏ ਸੀ।
ਕਰਨਾਟਕ ਵਿੱਚ ਕਾਂਗਰਸ-ਜੇਡੀਐਸ ਦੇ 16 ਵਿਧਾਇਕਾਂ ਦੇ ਅਸਤੀਫੇ ਦੀ ਵਜ੍ਹਾ ਕਰਕੇ ਮੁੱਖ ਮੰਤਰੀ ਕੁਮਾਰ ਸਵਾਮੀ ਦੀ ਗਠਜੋੜ ਸਰਕਾਰ ਮੁਸ਼ਕਲ ਵਿੱਚ ਹੈ। ਸੁਪਰੀਮ ਕੋਰਟ ਨੇ ਬਾਗੀ ਵਿਧਾਇਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਵੀਰਵਾਰ ਸ਼ਾਮ 6 ਵਜੇ ਵਿਧਾਨ ਸਭਾ ਸਪੀਕਰ ਨਾਲ ਮਿਲਣ ਤੇ ਅੱਜ ਹੀ ਸਪੀਕਰ ਅਸਤੀਫਿਆਂ ‘ਤੇ ਫੈਸਲਾ ਲੈ ਕੇ ਆਪਣਾ ਫੈਸਲਾ ਅਦਾਲਤ ਨੂੰ ਦੱਸਣ।