ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਵਜ਼ੀਰੀ ਛੱਡਣ ਦੇ ਐਲਾਨ ਮਗਰੋਂ ਜਿੱਥੇ ਉਨ੍ਹਾਂ ਦੇ ਸਾਥੀ ਉਨ੍ਹਾਂ ਦੇ ਅਲੋਚਨਾ ਕਰ ਰਹੇ ਹਨ, ਉੱਥੇ ਹੀ ਪਾਰਟੀ ਦੇ ਸੀਨੀਅਰ ਲੀਡਰ ਤੇ ਉੱਘੀ ਫ਼ਿਲਮੀ ਹਸਤੀ ਸ਼ਤਰੂਘਨ ਸਿਨ੍ਹਾ ਨੇ ਸਿੱਧੂ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਕਦਮ ‘ਤੇ ਹੈਰਾਨੀ ਵੀ ਪ੍ਰਗਟਾਈ।ਸ਼ਤਰੂਘਨ ਸਿਨ੍ਹਾ ਨੇ ਟਵੀਟ ਕੀਤਾ ਕਿ ਇਹ ਬਹੁਤ ਹੁਨਰਮੰਦ ਤੇ ਹਰਮਨਪਿਆਰੇ ਖਿਡਾਰੀ/ਸਿਆਸਤਦਾਨ ਰਹੇ ਹਨ। ਇਸ ਤੋਂ ਵੀ ਵੱਧ ਕੇ ਉਹ ਚੰਗੇ ਇਨਸਾਨ ਹਨ ਤੇ ਹਰਦਮ ਹਾਜ਼ਰ ਰਹਿਣ ਵਾਲੇ ਵਿਅਕਤੀ ਹਨ, ਜੋ ਮੇਰੇ ਚੰਗੇ ਦੋਸਤ ਵੀ ਹਨ। ਇੱਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਅਸੀਂ ਉਨ੍ਹਾਂ ਦੇ ਫੈਸਲੇ ‘ਤੇ ਸਵਾਲ ਨਹੀਂ ਚੁੱਕ ਸਕਦੇ, ਪਰ ਯਕੀਨੀ ਤੌਰ ‘ਤੇ ਇਸ ਕਦਮ ਨੂੰ ਹੱਲ ਕਰਨ ਦੀ ਆਸ ਕਰਾਂਗੇ ਤੇ ਪ੍ਰਾਰਥਨਾ ਕਰਾਂਗੇ।
ਦੂਜੇ ਪਾਸੇ ਨਵਜੋਤ ਸਿੱਧੂ ਪੰਜਾਬ ਦੇ ਲੀਡਰਾਂ ਦੇ ਨਿਸ਼ਾਨੇ ‘ਤੇ ਹਨ। ਸਿੱਧੂ ਦੇ ਸਾਥੀ ਮੰਤਰੀਆਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੇ ਉਨ੍ਹਾਂ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੀ ਛੇ ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਮੰਤਰੀਆਂ ਦੇ ਵਿਭਾਗ ਤਬਦੀਲ ਕਰ ਦਿੱਤੇ ਸਨ। ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਦਾ ਠੀਕਰਾ ਸਿੱਧੂ ਸਿਰ ਭੰਨ੍ਹਣ ਕਾਰਨ ਉਹ ਕੈਪਟਨ ਨਾਲ ਪਹਿਲਾਂ ਤੋਂ ਹੀ ਖ਼ਫ਼ਾ ਸਨ ਅਤੇ ਫਿਰ ਮੰਤਰਾਲਾ ਵਾਪਸ ਲੈਣ ਤੋਂ ਬਾਅਦ ਸਿੱਧੂ ਨੇ ਨਵਾਂ ਵਿਭਾਗ ਨਹੀਂ ਸੰਭਾਲਿਆ ਤੇ ਆਪਣਾ ਅਸਤੀਫ਼ਾ ਦੇ ਦਿੱਤਾ। ਇਸ ਮਾਮਲੇ ਦਾ ਹੱਲ ਕਰਨ ਲਈ ਪਾਰਟੀ ਹਾਈਕਮਾਨ ਨੇ ਵੀ ਦਖ਼ਲ ਦਿੱਤਾ ਸੀ, ਪਰ ਕੋਈ ਨਤੀਜਾ ਨਹੀਂ ਨਿਕਲਿਆ।