ਮੁੰਬਈ ਦੇ ਡੋਂਗਰੀ ਇਲਾਕੇ ਵਿੱਚ ਮੰਗਲਵਾਰ ਸਵੇਰੇ ਕੇਸਰਬਾਈ ਨਾਂ ਦੀ ਚਾਰ ਮੰਜ਼ਲਾ ਇਮਾਰਤ ਡਿੱਗ ਗਈ।
ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਜਦਕਿ 5 ਜਣਿਆਂ ਨੂੰ ਬਚਾ ਲਿਆ ਗਿਆ ਹੈ।
ਹਾਦਸੇ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਲਗਪਗ 15 ਪਰਿਵਾਰ ਮਲਬੇ ਹੇਠ ਫਸੇ ਹੋਏ ਹਨ। ਉਨ੍ਹਾਂ ਦਾ ਪੂਰਾ ਧਿਆਨ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ।
ਹਾਦਸੇ ਵਿੱਚ ਜ਼ਖ਼ਮੀ ਇੱਕ ਬੱਚੇ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ 100 ਸਾਲ ਪੁਰਾਣੀ ਸੀ ਪਰ ਡਿੱਗਣ ਦੀ ਹਾਲਤ ਵਿੱਚ ਨਹੀਂ ਸੀ। ਇਸ ਨੂੰ ਵੇਖ ਕੇ ਨਹੀਂ ਲੱਗਦਾ ਸੀ ਕਿ ਡਿੱਗ ਜਾਏਗੀ। ਬੀਐਮਸੀ ਸ਼ਹਿਰ ਵਿੱਚ ਮੌਜੂਦ ਖ਼ਤਰਨਾਕ ਇਮਾਰਤਾਂ ਦੀ ਲਿਸਟ ਬਣਾਉਂਦੀ ਹੈ ਪਰ ਇਸ ਦਾ ਨਾਂ ਉਸ ਲਿਸਟ ਵਿੱਚ ਨਹੀਂ ਸੀ।
ਮੁੰਬਈ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰੁਕ-ਰੁਕ ਕੇ ਪੈ ਰਿਹਾ ਮੀਂਹ ਹੁਣ ਜਾਨਲੇਵਾ ਸਾਬਿਤ ਹੋ ਰਿਹਾ ਹੈ। ਪੁਣੇ ਤੇ ਮੁੰਬਈ ਸਣੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋ ਰਹੇ ਮੀਂਹ ਨਾਲ ਕੁੱਲ 30 ਲੋਕਾਂ ਦੀ ਮੌਤ ਹੋ ਗਈ ਹੈ।