ਤਾਲਿਬਾਨ ਨੇ ਬੰਦੂਕ ਦੇ ਜ਼ੋਰ ’ਤੇ ਅਫ਼ਗਾਨਿਸਤਾਨ ’ਤੇ ਕਬਜ਼ਾ ਤਾਂ ਕਰ ਲਿਆ, ਪਰ ਹੁਣ ਸਰਕਾਰ ਨਹੀਂ ਬਣਾ ਪਾ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਸੱਤਾ ਨੂੰ ਲੈ ਕੇ ਹੁਣ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਹੱਕਾਨੀ ਗੁੱਟ ਦੀ ਫਾਇਰਿੰਗ ’ਚ ਤਾਲਿਬਾਨ ਦਾ ਪੀਐੱਮ ਕੈਂਡੀਡੇਟ ਅਬਦੁੱਲ ਗਨੀ ਬਰਾਦਰ ਜ਼ਖ਼ਮੀ ਹੋ ਗਿਆ ਹੈ ਤੇ ਪਾਕਿਸਤਾਨ ’ਚ ਇਲਾਜ ਚੱਲ ਰਿਹਾ ਹੈ। ਅਫ਼ਗਾਨਿਸਤਾਨ ਦੇ ਅਖ਼ਬਾਰ ‘ਪੰਜਸ਼ੀਰ ਆਬਜ਼ਰਵਰ’ ਦੀ ਰਿਪੋਰਟ ਅਨੁਸਾਰ, ਦੋਵਾਂ ਗੁੱਟਾਂ ’ਚ ਗੋਲੀਬਾਰੀ ਹੋਣ ਲੱਗੀ ਹੈ। ਅਜਿਹੇ ’ਚ ਇਕ ਘਟਨਾਕ੍ਰਮ ’ਚ ਤਾਲਿਬਾਨ ਦਾ ਕੋ-ਫਾਊਂਡਰ ਮੁੱਲਾ ਬਰਾਦਰ ਜ਼ਖ਼ਮੀ ਹੋ ਗਿਆ ਹੈ। ਹਾਲਾਂਕਿ ਸੱਤਾ ਲਈ ਖ਼ੂਨੀ ਸੰਘਰਸ਼ ਦੀ ਕਿਤੇ ਪੁਸ਼ਟੀ ਨਹੀਂ ਹੋਈ ਹੈ। ਦੱਸ ਦੇਈਏ, ਮੁੱਲਾ ਬਰਾਦਰ ਚਾਹੁੰਦਾ ਹੈ ਕਿ ਉਹ ਸਾਰੇ ਪੱਖਾਂ ਨੂੰ ਸ਼ਾਮਿਲ ਕਰਦੇ ਹੋਏ ਸਰਕਾਰ ਦਾ ਗਠਨ ਕਰੇ, ਪਰ ਹੱਕਾਨੀ ਨੈੱਟਵਰਕ ਅਜਿਹੀ ਕਿਸੀ ਸਾਂਝੇਦਾਰੀ ਖ਼ਿਲਾਫ ਹੈ।
ਸਿਰਾਜੁਦੀਨ ਦੀ ਅਗਵਾਈ ’ਚ ਹੱਕਾਨੀ ਅਤੇ ਉਸਦਾ ਅੱਤਵਾਦੀ ਸਮੂਹ ਕਿਸੇ ਨਾਲ ਸੱਤਾ ਸਾਂਝੀ ਨਹੀਂ ਕਰਨਾ ਚਾਹੁੰਦਾ। ਕਿਹਾ ਜਾ ਰਿਹਾ ਹੈ ਕਿ ਹੱਕਾਨੀ ਨੂੰ ਪਾਕਿਸਤਾਨ ਦਾ ਮੌਨ ਸਮਰਥਨ ਹਾਸਿਲ ਹੈ। ਹੱਕਾਨੀ ਇਸਲਾਮਿਕ ਨਿਯਮਾਂ ’ਤੇ ਆਧਾਰਿਤ ਇਕ ਸ਼ੁੱਧ ਤਾਲਿਬਾਨ ਸਰਕਾਰ ਦੇ ਪੱਖ ’ਚ ਹੈ। ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਦੀ ਇਸੀ ਖਿੱਚੋਤਾਣ ਕਾਰਨ ਅਫ਼ਗਾਨਿਸਤਾਨ ’ਚ ਸਰਕਾਰ ਨਹੀਂ ਬਣ ਪਾ ਰਹੀ ਹੈ। ਤਾਲਿਬਾਨ ਅਤੇ ਮੁੱਲਾ ਬਰਾਦਰ ਲਈ ਮੁਸ਼ਕਿਲ ਹੈ, ਕਿਉਂਕਿ ਦੋਹਾ ’ਚ ਉਨ੍ਹਾਂ ਨੇ ਜਿਨ੍ਹਾਂ ਦੇਸ਼ਾਂ ਨਾਲ ਵਾਰਤਾ ਕੀਤੀ ਹੈ, ਉਨ੍ਹਾਂ ਨੂੰ ਇਹੀ ਕਿਹਾ ਹੈ ਕਿ ਉਹ ਸਾਰੇ ਪੱਖਾਂ ਨੂੰ ਮਿਲਾ ਕੇ ਸਰਕਾਰ ਬਣਾਉਣਗੇ।
ਇਰਾਨ ਨੇ ਤਾਲਿਬਾਨ ਨੂੰ ਦਿੱਤਾ ਝਟਕਾ, ਰਾਸ਼ਟਰਪਤੀ ਬੋਲੇ – ਚੁਣੀ ਹੋਈ ਸਰਕਾਰ ਬਣੇ
ਤਾਲਿਬਾਨ ਭਾਵੇਂ ਇਹ ਕਹਿ ਰਿਹਾ ਹੋਵੇ ਕਿ ਉਹ ਇਰਾਨ ਦੀ ਤਰਜ ’ਤੇ ਸ਼ਾਸਨ ਚਲਾਏਗਾ, ਪਰ ਇਰਾਨ ਦੇ ਰਾਸ਼ਟਰਪਤੀ ਨੇ ਆਪਣੇ ਤਾਜ਼ਾ ਬਿਆਨ ’ਚ ਤਾਲਿਬਾਨ ਨੂੰ ਵੱਡਾ ਝਟਕਾ ਦਿੱਤਾ ਹੈ। ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਯਸੀ ਨੇ ਅਫ਼ਗਾਨਿਸਤਾਨ ’ਚ ਚੋਣਾਂ ਦਾ ਸੱਦਾ ਦਿੱਤਾ ਹੈ। ਰਾਯਸੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ ’ਚ ਸ਼ਾਂਤੀ ਵਾਪਸ ਆਵੇਗੀ ਕਿਉਂਕਿ ਅਮਰੀਕੀ ਫ਼ੌਜੀ ਚਲੇ ਗਏ ਹਨ ਅਤੇ ਤਾਲਿਬਾਨ ਨੇ ਕੰਟਰੋਲ ਕਰ ਲਿਆ ਹੈ। ਅਫ਼ਗਾਨਿਸਤਾਨ ਦੇ ਲੋਕਾਂ ਨੂੰ ਜਲਦ ਤੋਂ ਜਲਦ ਆਪਣੀ ਸਰਕਾਰ ਨਿਰਧਾਰਿਤ ਕਰਨ ਲਈ ਮਤਦਾਨ ਕਰਨਾ ਚਾਹੀਦਾ ਹੈ। ਉਥੇ ਇਕ ਸਰਕਾਰ ਬਣਾਈ ਜਾਣੀ ਚਾਹੀਦੀ ਹੈ ਜੋ ਵੋਟਾਂ ਅਤੇ ਲੋਕਾਂ ਦੀ ਇੱਛਾ ਨਾਲ ਚੁਣੀ ਗਈ ਹੋਵੇ।