ਖਾਲਿਸਤਾਨੀਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਹੁਣ ਹੌਲੀ-ਹੌਲੀ ਦੋਹਾਂ ਦੇਸ਼ਾਂ ਦੇ ਲੋਕਾਂ ‘ਤੇ ਦਿਖਾਈ ਦੇ ਰਿਹਾ ਹੈ। ਇਸ ਨੂੰ ਲੈ ਕੇ ਦੇਸ਼ ਦੇ ਲੀਡਰਾਂ ਤੇ ਪੰਜਾਬ ਦੇ ਲੀਡਰਾਂ ਦੀ ਬਿਆਨਬਾਜ਼ੀ ਵਿੱਚ ਵੀ ਫਰਕ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੇ ਵੱਡਾ ਇਲਜ਼ਾਮ ਲਾਇਆ ਹੈ ਕਿ ਟਰੂ਼ਡੋ ਦੀ ਪਾਰਟੀ ਨੂੰ ਗੁਰੂਘਰਾਂ ਵਿੱਚੋਂ ਚੰਦਾ ਜਾਂਦਾ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਿੱਖਾਂ ਨੂੰ ਦੇਸ਼ ਨਾਲੋਂ ਤੋੜਨ ਵਾਲੀ ਚਾਲ ਖੇਡੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਦੇਸ਼ ਦੇ ਜੋ ਚੋਟੀ ਦੇ ਗੈਂਗਸਟਰ ਹਨ ਉਹ ਕੈਨੇਡਾ ਵਿੱਚ ਲੁਕੇ ਹੋਏ ਹਨ। ਉੱਥੇ ਉਹ ਲੋਕਾਂ ਦਾ ਕਤਲ ਕਰ ਰਹੇ ਹਨ ਤੇ ਸ਼ਰ੍ਹੇਆਮ ਨਸ਼ਾ ਤਸਕਰੀ ਦਾ ਕਾਲਾ ਕਾਰੋਬਾਰ ਚਲਾ ਰਹੇ ਹਨ। ਇੱਥੋਂ ਤੱਕ ਕਿ ਉਹ ਕੈਨੇਡਾ ਵਿੱਚ ਬੈਠ ਕੇ ਪੰਜਾਬ ਵਿੱਚ ਕਤਲ ਕਰਵਾ ਰਹੇ ਹਨ ਜਿਸ ਨੂੰ ਲੈ ਕੇ ਕਈ ਵਾਰ ਕੈਨੇਡਾ ਸਰਕਾਰ ਨੂੰ ਕਿਹਾ ਗਿਆ ਹੈ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਬਿੱਟੂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਪੰਜਾਬ ਦੇ ਸਾਰੇ ਗੰਦ ਨੂੰ ਕੈਨੇਡਾ ਵਿੱਚ ਸਿਟੀਜਨ ਸ਼ਿੱਪ ਦਿੱਤੀ ਹੋਈ ਹੈ।
ਇਸ ਮਾਮਲੇ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ, ”ਮੈਂ ਕੱਲ੍ਹ (ਬੁੱਧਵਾਰ) ਹੀ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ। ਤਾਂ ਜੋ ਕੈਨੇਡਾ ਜਾਣ ਵਾਲਿਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਕਈ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਦੇ ਮਾਪਿਆਂ ਨੇ ਕੈਨੇਡਾ ਕਾਲਜ ਵਿੱਚ ਪੜ੍ਹਾਈ ਲਈ ਫੀਸਾਂ ਭਰ ਦਿੱਤੀਆਂ ਹਨ ਅਤੇ ਵੀਜ਼ਾ ਨਾ ਮਿਲਣ ਕਾਰਨ ਉਹ ਉੱਥੇ ਨਹੀਂ ਜਾ ਸਕੇ। ਅਜਿਹੇ ‘ਚ ਜੇਕਰ ਵੀਜ਼ਾ ਰੋਕਿਆ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ। ਲੋਕ ਇਸ ਨੂੰ ਲੈ ਕੇ ਬਹੁਤ ਚਿੰਤਤ ਹਨ।”
ਇਸ ਮੌਕੇ ਬਿੱਟੂ ਨੇ ਕਿਹਾ ਕਿ ਹਰਦੀਪ ਨਿੱਝਰ, ਜਗਤਾਰ ਸਿੰਘ ਹਵਾਰਾ ਦਾ ਸਾਥੀ ਹੈ ਜਿਸ ਨੇ ਉਸ ਦੇ ਦਾਦੇ ਬੇਅੰਤ ਸਿੰਘ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਉਹ ਕੈਨੇਡਾ ਭੱਜ ਗਿਆ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਕੰਮਾਂ ਵਿੱਚ ਲੱਗ ਗਿਆ। ਇਸ ਮੌਕੇ ਬਿੱਟੂ ਨੇ ਵੱਡਾ ਇਲਜ਼ਾਮ ਲਾਇਆ ਕਿ ਟਰੂਡੋ ਇਸ ਲਈ ਖਾਲਿਸਤਾਨੀਆਂ ਦੀ ਮਦਦ ਕਰ ਰਹੇ ਹਨ ਕਿਉਂ ਕਿ ਕੈਨੇਡਾ ਦੇ ਗੁਰੂਘਰਾਂ ਉੱਤੇ ਖਾਲਿਸਤਾਨੀਆਂ ਦਾ ਕਬਜ਼ਾ ਹੈ ਤੇ ਉੱਥੇ ਜੋ ਲੱਖਾਂ ਦਾ ਚੜ੍ਹਾਵਾ ਹੁੰਦਾ ਹੈ ਖਾਲਿਸਤਾਨੀ ਉਹ ਡਾਲਰ ਟਰੂਡੋ ਦੀ ਪਾਰਟੀ ਨੂੰ ਚੰਦਾ ਦਿੰਦੇ ਹਨ।