ਚੀਨ ਦੀ ਹਿੰਮਤ ਦੇਖੋ, ਹੁਣ ਉਹ ਅਮਰੀਕਾ ਨੂੰ ਖੁਲ੍ਹੇਆਮ ਚੁਣੌਤੀ ਦੇਣ ਤੋਂ ਵੀ ਨਹੀਂ ਡਰ ਰਿਹਾ। ਚੀਨ ਨੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਆਪਣੇ ਸੰਪਾਦਕੀਅ ‘ਚ ਚੀਨ ਨੂੰ ਸੁਪਰਪਾਵਰ ਦੱਸਦਿਆਂ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਯੁੱਧ ਛਿੜਿਆ ਤਾਂ ਉਸ ‘ਚ ਅਮਰੀਕਾ ਦੀ ਹਾਰ ਹੋਵੇਗੀ। ਇਸ ਅਖ਼ਬਾਰ ਨੂੰ ਚੀਨ ਦੀ ਸੱਤਾ ਧਿਰ ਕਮਿਊਨਿਸਟ ਪਾਰਟੀ ਦਾ ਮੁੱਖਪੱਤਰ ਮੰਨਿਆ ਜਾਂਦਾ ਹੈ। ਇਸ ‘ਚ ਪ੍ਰਕਾਸ਼ਿਤ ਗੱਲ ਸਰਕਾਰ ਦਾ ਬਿਆਨ ਮੰਨਿਆ ਜਾਂਦਾ ਹੈ।
ਗਲੋਬਲ ਟਾਈਮਜ਼ ਨੇ ਇਹ ਸੰਪਾਦਕੀਅ ਜਾਪਾਨ, ਆਸਟ੍ਰੇਲੀਆ ਤੇ ਫਰਾਂਸ ਦੇ ਫੌਜੀ ਅਭਿਆਸ ‘ਚ ਅਮਰੀਕਾ ਦੇ ਵੀ ਸ਼ਾਮਲ ਹੋਣ ‘ਤੇ ਕਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚੀਨ ਨੇ ਕਿਹਾ ਸੀ ਕਿ ਦੱਖਣੀ ਜਾਪਾਨ ‘ਚ ਹੋ ਰਹੇ ਇਸ ਫ਼ੌਜੀ ਅਭਿਆਸ ਨਾਲ ਉਸ ਦੀ ਸਿਹਤ ‘ਤੇ ਕੋਈ ਫ਼ਰਕ ਨਹੀਂ ਪੈਂਦਾ। ਇਹ ਫ਼ੌਜੀ ਅਭਿਆਸ ਸਿਰਫ਼ ਤੇਲ ਈਂਧਨ ਦੀ ਬਰਬਾਦੀ ਹੈ। ਚੀਨ ਪੂਰੇ ਦੱਖਣੀ ਚੀਨ ਸਾਗਰ ਨੂੰ ਆਪਣੀ ਜਾਇਦਾਦ ਦੱਸਦਾ ਹੈ। ਉਹ ਇਸ ‘ਤੇ ਬੂਰਨੇਈ, ਮਲੇਸ਼ੀਆ, ਫਿਲੀਪੀਂਸ, ਵਿਯਤਨਮ ਤੇ ਤਾਈਵਾਨ ਦੇ ਦਾਅਵਿਆਂ ਨੂੰ ਨਕਾਰਦਾ ਹੈ। ਇੰਨਾ ਹੀ ਨਹੀਂ, ਤਾਈਵਾਨ ਦੀ ਪ੍ਰਭੂਸੱਤਾ ਨੂੰ ਨਕਾਰਦਿਆਂ ਉਸ ਨੂੰ ਆਪਣਾ ਹਿੱਸਾ ਦੱਸਦਾ ਹੈ। ਜਾਪਾਨ ਦੇ ਹਿੱਸੇ ਦੇ ਸਮੁੰਦਰ ਨੂੰ ਵੀ ਪੂਰਬੀ ਚੀਨ ਸਾਗਰ ਦੱਸਦਿਆਂ ਚੀਨ ਉਸ ‘ਤੇ ਆਪਣਾ ਅਧਿਕਾਰ ਜਤਾਉਂਦਾ ਹੈ ਤੇ ਉੱਥੇ ਆਪਣੇ ਜੰਗੀ ਜਹਾਜ਼ ਭੇਜਦਾ ਰਹਿੰਦਾ ਹੈ, ਲੜਾਕੂ ਜਹਾਜ਼ ਅਕਾਸ਼ ‘ਚ ਉਡਾਉਂਦਾ ਰਹਿੰਦਾ ਹੈ।
ਬ੍ਰਿਟਿਸ਼ ਨਿਊਜ਼ ਵੈੱਬਸਾਈਟ ਐਕਸਪ੍ਰੈੱਸਡਾਟਸੀਓਡਾਟਯੂਕੇ ਮੁਤਾਬਿਕ ਇਸ ਹਫ਼ਤੇ ਦੀ ਸ਼ੁਰੂਆਤ ‘ਚ ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ ਨੇ ਆਪਣੇ ਮਰੀਨ ਕਮਾਂਡੋ ਦੀ ਟਰੇਨਿੰਗ ਦੀ ਇਕ ਵੀਡੀਓ ਜਨਤਕ ਕੀਤੀ ਹੈ। ਇਸ ‘ਚ ਉਹ ਇਕ ਦੀਪ ‘ਤੇ ਹਮਲਾ ਕਰਦਿਆਂ ਦਿਖਾਈ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਰਾਹੀਂ ਚੀਨ ਤਾਈਵਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਉਹ ਆਪਣੀ ਫ਼ੌਜ ਤਿਆਰੀ ਵਧਾਉਣ ਦਾ ਸੰਦੇਸ਼ ਵੀ ਦੇ ਰਿਹਾ ਹੈ।