ਕੇਂਦਰੀ ਤੇ ਸੁਰੱਖਿਆ ਏਜੰਸੀਆਂ ਦੇ ਆਪਸੀ ਤਾਲਮੇਲ ਤੋਂ ਬਾਅਦ ਇਕ ਮਜ਼ਬੂਤ ਆਪ੍ਰੇਸ਼ਨ ਤਿਆਰ ਕਰ ਕੇ ਪੁਲਿਸ ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ’ਤੇ ਕਾਰਵਾਈ ਕੀਤੀ ਗਈ ਹੈ। ਸੂਤਰਾਂ ਅਨੁਸਾਰ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਪਾਲ ਨੂੰ ਲੈ ਕੇ ਆਪਣੇ-ਆਪਣੇ ਇਨਪੁਟ ਦਿੱਤੇ ਹਨ। ਇਨਪੁਟ ਦੇ ਸਹਾਰੇ ਇਕ ਖ਼ੁਫ਼ੀਆ ਡੋਜ਼ੀਅਰ ਤਿਆਰ ਕੀਤਾ ਗਿਆ ਹੈ। ਡੋਜ਼ੀਅਰ ਵਿਚ ਖ਼ੁਲਾਸਾ ਹੋਇਆ ਹੈ ਕਿ ਅੰਮ੍ਰਿਤਪਾਲ ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਦੁਬਈ ਤੋਂ ਭਾਰਤ ਆਇਆ ਸੀ। ਇਸ ਦੇ ਲਈ ਉਸ ਨੇ ਜਾਰਜੀਆ ’ਚ ਟ੍ਰੇਨਿੰਗ ਵੀ ਲਈ ਸੀ। ਟ੍ਰੇਨਿੰਗ ’ਚ ਅੰਮ੍ਰਿਤਪਾਲ ਨੂੰ ਹਥਿਆਰ ਚਲਾਉਣ ਤੋਂ ਲੈ ਕੇ ਭਾਰਤ ਦਾ ਮਾਹੌਲ ਖ਼ਰਾਬ ਕਰਨ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਅੰਮ੍ਰਿਤਪਾਲ ਦੇ ਭਾਰਤ ਆਉਣ ਤੋਂ ਬਾਅਦ ਪੰਜਾਬ ਵਿਚ ਖਾਲਿਸਤਾਨੀ ਗਤੀਵਿਧੀਆਂ ਜ਼ੋਰ ਫੜਨ ਲੱਗੀਆਂ। ਅੰਮ੍ਰਿਤਪਾਲ ਨਸ਼ਾ ਛੁਡਵਾਉਣ ਦੇ ਨਾਂ ’ਤੇ ਆਪਣੇ ਨਸ਼ਾ ਮੁਕਤੀ ਕੇਂਦਰਾਂ ਦੀ ਵਰਤੋਂ ਹਥਿਆਰ ਰੱਖਣ ਲਈ ਕਰ ਰਿਹਾ ਸੀ। ਨਾਲ ਹੀ ਨੌਜਵਾਨਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਮਨੁੱਖੀ ਬੰਬ ਬਣਾਉਣ ਦੀ ਤਿਆਰੀ ਵਿਚ ਸੀ। ਇਨਪੁਟ ਵਿਚ ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਦਾ ਨੌਜਵਾਨਾਂ ਨੂੰ ਭੜਕਾ ਕੇ ਖਾਲਿਸਤਾਨੀ ਅੱਤਵਾਦੀ ਦਿਲਾਵਰ ਸਿੰਘ ਵਾਂਗ ਆਤਮਘਾਤੀ ਹਮਲਿਆਂ ਲਈ ਤਿਆਰ ਕਰਨ ਦਾ ਟੀਚਾ ਸੀ।
ਯਾਦ ਰਹੇ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ’ਚ ਦਿਲਾਵਰ ਨੇ ਮਨੁੱਖੀ ਬੰਬ ਕੇ ਹੱਤਿਆ ਨੂੰ ਅੰਜਾਮ ਦਿੱਤਾ ਸੀ। ਡੋਜ਼ੀਅਰ ’ਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਉਸ ਨੂੰ ਭਾਰਤ ’ਚ ਖਾਲਿਸਤਾਨ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਅਤੇ ਪੰਜਾਬ ’ਚ ਅੱਤਵਾਦ ਨੂੰ ਬੜ੍ਹਾਵਾ ਦੇਣ ਲਈ ਆਈਐੱਸਆਈ ਨੇ ਦੁਬਈ ’ਚ ਪੈਸਿਆਂ ਦੀ ਪੇਸ਼ਕਸ਼ ਕੀਤੀ ਸੀ। ਇਸ ਪੇਸ਼ਕਸ਼ ਦੇ ਚੱਲਦਿਆਂ ਹੀ ਅੰਮ੍ਰਿਤਪਾਲ ਸਾਲ 2022 ’ਚ ਭਾਰਤ ਆਇਆ ਸੀ। ਅੰਮ੍ਰਿਤਪਾਲ ਸਿੰਘ ਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਤੇ ਉਸ ਦੇ ਸੰਗਠਨ ਸਿੱਖ ਫਾਰ ਜਸਟਿਸ (ਐੱਸਐੱਫਜੇ) ਨਾਲ ਵੀ ਸਬੰਧ ਹਨ। ਉਹ ਐੱਸਐੱਫਜੇ ਦੇ ਸੋਸ਼ਲ ਮੀਡੀਆ ਕੰਪੇਨ ਦਾ ਵੀ ਹਿੱਸਾ ਰਿਹਾ ਹੈ। ਪੰਨੂ ਨੂੰ ਕੇਂਦਰ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਤਹਿਤ ਅੱਤਵਾਦੀ ਐਲਾਨਿਆ ਹੋਇਆ ਹੈ। ਖ਼ੁਫ਼ੀਆ ਇਨਪੁਟ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਹ ਆਈਐੱਸਆਈ ਦੇ ਇਸ਼ਾਰੇ ’ਤੇ ਮਨੁੱਖੀ ਬੰਬ ਬਣਨ ਲਈ ਨੌਜਵਾਨਾਂ ਦਾ ਬ੍ਰੇਨਵਾਸ਼ ਕਰ ਰਿਹਾ ਸੀ। ਇਹੀ ਨਹੀਂ, ਅੰਮ੍ਰਿਤਪਾਲ ਆਪਣੇ ਸੰਗਠਨ ਵਾਰਿਸ ਪੰਜਾਬ ਦੇ ਸੰਗਠਨ ਵੱਲੋਂ ਚਲਾਏ ਜਾ ਰਹੇ ਨਸ਼ਾ-ਮੁਕਤੀ ਕੇਂਦਰ ਜਾਂ ਡਰੱਗ ਰੀਹੈਬ ਸੈਂਟਰ ਦੇ ਸਹਾਰੇ ਨੌਜਵਾਨਾਂ ਨੂੰ ਬੰਦੂਕ ਸੱਭਿਆਚਾਰ ਵੱਲ ਧੱਕਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਸੀ। ਉਹ ਨਸ਼ਾ-ਮੁਕਤੀ ਕੇਂਦਰਾਂ ਤੇ ਗੁਰਦੁਆਰਿਆਂ ਦੀ ਵਰਤੋਂ ਹਥਿਆਰਾਂ ਦਾ ਜ਼ਖ਼ੀਰਾ ਇਕੱਠਾ ਕਰਨ ਲਈ ਵੀ ਕਰਦਾ ਸੀ। ਨਾਲ ਹੀ ਉਹ ਆਈਐੱਸਆਈ ਦੀ ਮਦਦ ਨਾਲ ਭਾਰਤ ’ਚ ਡਰੱਗ ਤਸਕਰੀ ਦੇ ਕੰਮ ਵਿਚ ਵੀ ਲੱਗਾ ਹੋਇਆ ਸੀ। ਸਤੰਬਰ 2022 ’ਚ ਅੰਮ੍ਰਿਤਪਾਲ ਦੇ ਭਾਰਤ ਆਉਣ ਤੋਂ ਬਾਅਦ ਸਰਹੱਦ ਪਾਰੋਂ ਡ੍ਰੋਨ ਦੇ ਸਹਾਰੇ ਡਰੱਗਜ਼ ਅਤੇ ਹਥਿਆਰ ਸੁੱਟਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।
ਖ਼ੁਫ਼ੀਆ ਏਜੰਸੀਆਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਆਨੰਦਪੁਰ ਖਾਲਸਾ ਫ਼ੌਜ (ਏਕੇਐੱਫ) ਦੇ ਨਾਂ ’ਤੇ ਆਪਣੀ ਪ੍ਰਾਈਵੇਟ ਫ਼ੌਜ ਬਣਾਉਣ ਵਿਚ ਲੱਗਾ ਹੋਇਆ ਸੀ। ਪੁਲਿਸ ਨੇ ਹਾਲੇ ਤਕ ਜੋ ਬੁਲਟਪਰੂਫ ਜੈਕਟ ਅਤੇ ਰਾਈਫਲ ਬਰਾਮਦ ਕੀਤੀ ਹੈ, ਉਨ੍ਹਾਂ ਵਿਚ ਅਤੇ ਅੰਮ੍ਰਿਤਪਾਲ ਦੇ ਘਰ ਦੇ ਦਰਵਾਜ਼ੇ ’ਤੇ ਏਕੇਐੱਫ ਲਿਖਿਆ ਹੋਇਆ ਸੀ।
ਜਾਂਚ ਏਜੰਸੀਆਂ ਨੇ ਇਨਪੁਟ ਮਿਲਣ ਤੋਂ ਬਾਅਦ ਹੀ ਪੁਲਿਸ ਨੇ ਅੱਤਵਾਦ ਫੈਲਾਉਣ ਦੀ ਤਿਆਰੀ ਕਰ ਰਹੇ ਅੰਮ੍ਰਿਤਪਾਲ ਅਤੇ ਉਸ ਦੇ ਖਾਲਿਸਤਾਨੀ ਸਾਥੀਆਂ ’ਤੇ ਸ਼ਿਕੰਜਾ ਕੱਸਿਆ ਹੈ।