ਅਮਰੀਕਾ ਦੇ ਮੋਂਟਾਨਾ ‘ਚ ਵੱਡਾ ਰੇਲ ਹਾਦਸਾ ਹੋਇਆ ਹੈ। ਉੱਤਰ-ਮੱਧ ਮੋਂਟਾਨਾ ‘ਚ ਸਿਏਟਲ ਤੇ ਸ਼ਿਕਾਗੋ ਵਿਚਕਾਰ ਚੱਲਣ ਵਾਲੀ ਐਮਟਰੈਕ ਟਰੇਨ ਦੇ ਪੱਟੜੀ ਤੋਂ ਉਤਰਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਗੰਭੀਰ ਰੂਪ ਤੋਂ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਅਜੇ ਤਕ ਜ਼ਖ਼ਮੀ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਲਿਬਰਟੀ ਕਾਊਂਟੀ ਸ਼ੇਰਿਫ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟਰੇਨ ‘ਚ ਲਗਪਗ 147 ਯਾਤਰੀ ਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ।
ਐਮਟਰੈਕ ਦੇ ਬੁਲਾਰੇ ਜੇਸਨ ਅਬ੍ਰਾਮਸ ਨੇ ਇਕ ਬਿਆਨ ‘ਚ ਕਿਹਾ, ‘ਹਾਦਸਾ ਹੇਲੇਨਾ ਦੇ ਉੱਤਰ ‘ਚ ਲਗਪਗ 150 ਮੀਲ (241 ਕਿੱਲੋਮੀਟਰ) ਤੇ ਕੈਨੇਡਾ ਨਾਲ ਸਰਹੱਦ ਤੋਂ ਲਗਪਗ 30 ਮੀਲ (48 ਕਿੱਲੋਮੀਟਰ) ਦੀ ਦੂਰੀ ‘ਤੇ ਹੋਇਆ ਹੈ। ਐਮਪਾਇਰ ਬਿਲਡਰ ਨੇ ਕਿਹਾ ਕਿ ਇਹ ਟਰੇਨ ਸ਼ਾਮ ਕਰੀਬ 4 ਵਜੇ ਪੱਟੜੀ ਤੋਂ ਉਤਰ ਗਈ। ਅਬ੍ਰਾਮਸ ਨੇ ਕਿਹਾ ਕਿ ਟਰੇਨ ‘ਚ ਦੋ ਲੋਕੋਮੋਟਿਵ ਤੇ 10 ਡਿੱਬੇ ਸਨ, ਜਿਨ੍ਹਾਂ ‘ਚ ਸੱਤ ਡਿੱਬੇ ਹਾਦਸੇ ਤੋਂ ਬਾਅਦ ਪੱਟੜੀ ਤੋਂ ਉਤਰ ਗਏ।’
ਟਰੇਨ ‘ਚ ਸਫਰ ਕਰ ਰਹੀ ਮੇਗਨ ਵੇਂਡਰਵੈਸਟ ਨੇ ਦੱਸਿਆ ਕਿ ਉਹ ਸਿਏਟਲ ‘ਚ ਇਕ ਦੋਸਤ ਨੂੰ ਮਿਲਣ ਜਾ ਰਹੀ ਸੀ। ਹਾਦਸੇ ਦੇ ਸਮੇਂ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਉਨ੍ਹਾਂ ਨੇ ਟਾਈਮਜ਼ ਨੂੰ ਦੱਸਿਆ ਕਿ ਉਸ ਦੇ ਪਿੱਛੇ ਵਾਲਾ ਡੱਬਾ ਪੂਰੀ ਤਰ੍ਹਾਂ ਨਾਲ ਪਲਟ ਗਿਆ ਸੀ ਤੇ ਉਸ ਦੇ ਪਿੱਛੇ ਦੇ ਤਿੰਨ ਡੱਬੇ ਟਰੇਨ ਤੋਂ ਅਲੱਗ ਹੋ ਗਏ ਸਨ।