ਆਸਟ੍ਰੇਲੀਆ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਅਜਿਹੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਇਸੇ ਕੜੀ ਵਿੱਚ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਖਾਲਿਸਤਾਨ ਸਮਰਥਕਾਂ ਨੇ ਬ੍ਰਿਸਬੇਨ ਦੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿੱਚ ਇੱਕ ਵਾਰ ਫਿਰ ਭੰਨਤੋੜ ਕੀਤੀ ਹੈ।
15 ਦਿਨਾਂ ਦੇ ਅੰਦਰ ਤਿੰਨ ਹਿੰਦੂ ਮੰਦਰਾਂ ‘ਤੇ ਹਮਲਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ‘ਚ ਆਸਟ੍ਰੇਲੀਆ ਦੇ ਮੈਲਬੋਰਨ ‘ਚ 15 ਦਿਨਾਂ ਦੇ ਅੰਦਰ ਤਿੰਨ ਹਿੰਦੂ ਮੰਦਰਾਂ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੇ ਗੁੱਸਾ ਜ਼ਾਹਰ ਕੀਤਾ ਸੀ। ਉਦੋਂ ਵੀ ਮੰਦਰ ‘ਚ ਭੰਨਤੋੜ ਦੇ ਨਾਲ-ਨਾਲ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ। ਅਜਿਹੀਆਂ ਘਟਨਾਵਾਂ ਸਪੱਸ਼ਟ ਤੌਰ ‘ਤੇ ਸ਼ਾਂਤਮਈ ਅਤੇ ਬਹੁ-ਧਰਮੀ ਭਾਰਤੀ ਆਸਟ੍ਰੇਲੀਅਨ ਸਮਾਜ ਵਿੱਚ ਨਫ਼ਰਤ ਅਤੇ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੰਦਰ ਦੀ ਕੀਤੀ ਭੰਨਤੋੜ
ਮੰਦਰ ਦੇ ਪ੍ਰਧਾਨ ਸਤਿੰਦਰ ਸ਼ੁਕਲਾ ਨੇ ‘ਦਿ ਆਸਟ੍ਰੇਲੀਆ ਟੂਡੇ’ ਨੂੰ ਦੱਸਿਆ ਕਿ ਅੱਜ ਸਵੇਰੇ ਮੰਦਰ ਦੇ ਪੁਜਾਰੀ ਅਤੇ ਸ਼ਰਧਾਲੂਆਂ ਨੇ ਮੈਨੂੰ ਫ਼ੋਨ ਕਰਕੇ ਸਾਡੇ ਮੰਦਰ ਦੀ ਚਾਰਦੀਵਾਰੀ ‘ਤੇ ਭੰਨਤੋੜ ਦੀ ਸੂਚਨਾ ਦਿੱਤੀ। ਸ਼ੁਕਲਾ ਨੇ ਕਿਹਾ ਕਿ ਉਹ ਮੈਨੇਜਮੈਂਟ ਕਮੇਟੀ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਵਿਸਥਾਰਤ ਬਿਆਨ ਦੇਣਗੇ। ਇਸ ਤੋਂ ਪਹਿਲਾਂ ਬ੍ਰਿਸਬੇਨ ਦੇ ਇੱਕ ਹੋਰ ਹਿੰਦੂ ਮੰਦਿਰ ਨੂੰ ਪਾਕਿਸਤਾਨ ਸਥਿਤ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਧਮਕੀ ਭਰੇ ਫੋਨ ਆਏ ਸਨ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ ਮੰਦਰ ਦੇ ਨੇੜੇ ਰਹਿਣ ਵਾਲੇ ਰਮੇਸ਼ ਕੁਮਾਰ ਨੇ ਦੱਸਿਆ ਕਿ ਮੈਂ ਜਾਣਦਾ ਹਾਂ ਕਿ ਹਿੰਦੂ ਮੰਦਰਾਂ ‘ਚ ਕੀ ਹੋਇਆ ਹੈ, ਨਫਰਤ ਦਾ ਸਾਹਮਣਾ ਕਰਨਾ ਆਪਣੇ ਆਪ ‘ਚ ਬਹੁਤ ਦੁਖਦ ਅਨੁਭਵ ਹੈ।