ਰਾਜਸਥਾਨ ਦੇ ਭਰਤਪੁਰ ‘ਚ ਗੈਂਗਸਟਰ ਕੁਲਦੀਪ ਸਿੰਘ ਜਗੀਨਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਕੁਲਦੀਪ ਨੂੰ ਭਰਤਪੁਰ ਅਦਾਲਤ ‘ਚ ਪੇਸ਼ੀ ਲਈ ਲਿਆ ਰਹੀ ਸੀ। ਅਪਰਾਦੀਆਂ ਨੇ ਪੁਲਿਸ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਕੇ ਗੈਂਗਸਟਰ ਨੂੰ ਗੋਲ਼ੀ ਮਾਰ ਦਿੱਤੀ।
ਕੁਲਦੀਪ ਸਿੰਘ ਜਗੀਨਾ ‘ਤੇ ਭਾਜਪਾ ਆਗੂ ਦੇ ਕਤਲ ਦਾ ਦੋਸ਼ ਸੀ। ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਗੈਂਗਸਟਰ ਕੁਲਦੀਪ ਜਗੀਨਾ ਦੀ ਭਰਤਪੁਰ ਦੇ ਅਮੋਲੀ ਟੋਲ ਪਲਾਜ਼ਾ ‘ਤੇ ਕੁਝ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਉਸ ਨੂੰ ਅਦਾਲਤ ਲੈ ਕੇ ਜਾ ਰਹੀ ਸੀ। ਕਤਲ ਵਿੱਚ ਵਿਰੋਧੀ ਗਿਰੋਹ ਦੇ ਲੋਕ ਸ਼ਾਮਲ ਸਨ। ਭਰਤਪੁਰ ਦੇ ਐਸਪੀ ਸਮੇਤ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਜਾਂਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਕ੍ਰਿਪਾਲ ਜਗੀਨਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਬੁੱਧਵਾਰ ਨੂੰ ਭਰਤਪੁਰ ਅਦਾਲਤ ‘ਚ ਪੇਸ਼ ਕੀਤਾ ਗਿਆ। ਟੋਲ ਨਾਕੇ ਨੇੜੇ ਮੁਲਜ਼ਮ ਕੁਲਦੀਪ ਜਗੀਨਾ ਤੇ ਵਿਜੇਪਾਲ ‘ਤੇ ਫਾਇਰਿੰਗ ਹੋਈ। ਵਿਜੇਪਾਲ ਜ਼ਖਮੀ ਹੋ ਗਿਆ। ਉਸ ਨੂੰ ਆਰਬੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦਰਜਨ ਤੋਂ ਵੱਧ ਫਾਇਰ ਕੀਤੇ ਗਏ। ਗੋਲ਼ੀਬਾਰੀ ਵਿੱਚ ਵਰਤੀ ਗਈ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਸੀਸੀਟੀਵੀ ਦੇ ਆਧਾਰ ‘ਤੇ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਹੋ ਗਈ ਹੈ, ਪਰ ਅਜੇ ਤਕ ਪਛਾਣ ਉਜਾਗਰ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਤੀਕ ਅਹਿਮਦ ਨੂੰ ਵੀ ਪੇਸ਼ੀ ਦੌਰਾਨ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ।