ਮੇਰਠ ਦੇ ਕਿਥੋਰ ਥਾਣਾ ਇਲਾਕੇ ‘ਚ ਇਕ ਸ਼ਰਮਨਾਕ ਘਟਨਾ ਵਾਪਰੀ ਹੈ। ਇਕ ਮੁਲਜ਼ਮ ਨੇ ਪਹਿਲਾਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਦੇ ਸਾਥੀ ਲੜਕੀ ਨੂੰ ਨਗਨ ਹਾਲਤ ‘ਚ ਗੰਨੇ ਦੇ ਖੇਤਾਂ ‘ਚੋਂ ਬਾਹਰ ਖਿੱਚ ਲਿਆਏ, ਜਦਕਿ ਲੜਕੀ ਕੱਪੜੇ ਪਾਉਣ ਦੀ ਫਰਿਆਦ ਕਰਦੀ ਰਹੀ। ਪੁਲਿਸ ਨੇ ਜਬਰ-ਜਨਾਹ ਦਾ ਮਾਮਲਾ ਦਰਜ ਕਰ ਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵੀਡੀਓ ਵਾਇਰਲ ਹੋਣ ‘ਤੇ ਪਰਿਵਾਰ ਨੂੰ ਮਾਮਲੇ ਦਾ ਪਤਾ ਲੱਗਿਆ।
ਤਿੰਨ ਮਹੀਨੇ ਪਹਿਲਾਂ ਪਿੰਡ ਕਿਠੌਰ ‘ਚ ਇਕ ਨੌਜਵਾਨ ਨਾਬਾਲਗ ਲੜਕੀ ਨੂੰ ਵਰਗਲਾ ਕੇ ਗੰਨੇ ਦੇ ਖੇਤ ‘ਚ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਨੌਜਵਾਨ ਦੇ ਸਾਥੀ ਗੰਨੇ ਦੇ ਖੇਤ ‘ਚ ਆ ਗਏ, ਜਿਨ੍ਹਾਂ ਨੇ ਨੌਜਵਾਨ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਦੇ ਨਾਬਾਲਗ ਨੂੰ ਪੁਲਿਸ ਬੁਲਾਉਣ ਦਾ ਡਰ ਵਿਖਾਇਆ ਤੇ ਕਦੇ ਉਸ ਨਾਲ ਦੁਰਵਿਵਹਾਰ ਕੀਤਾ। ਇੰਨਾ ਹੀ ਨਹੀਂ ਲੜਕੀ ਦੀ ਕੁੱਟਮਾਰ ਵੀ ਕੀਤੀ ਗਈ। ਜਦੋਂ ਲੜਕੀ ਨੇ ਆਪਣੇ ਹੱਥਾਂ ਨਾਲ ਸਰੀਰ ਲੁਕਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥਾਂ ‘ਤੇ ਡੰਡਿਆਂ ਨਾਲ ਵਾਰ ਕੀਤੇ ਗਏ। ਬਾਅਦ ‘ਚ ਲੜਕੀ ਨੂੰ ਨਿਰਵਸਤਰ ਹਾਲਤ ‘ਚ ਗੰਨੇ ਦੇ ਖੇਤ ਤੋਂ ਸੜਕ ‘ਤੇ ਲੈ ਆਏ।
ਬੀਤੇ ਐਤਵਾਰ ਲੜਕੀ ਨਾਲ ਹੋਈ ਘਟਨਾ ਦੀ ਵੀਡੀਓ ਉਸ ਦੀ ਭੈਣ ਦੇ ਮੋਬਾਈਲ ‘ਤੇ ਭੇਜੀ ਗਈ। ਵੀਡੀਓ ਦੇਖਣ ਤੋਂ ਬਾਅਦ ਲੜਕੀ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਨੇ ਸਾਰੀ ਘਟਨਾ ਦੱਸੀ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਰਿਪੋਰਟ ਦਰਜ ਕਰ ਕੇ ਮੁੱਖ ਮੁਲਜ਼ਮ ਸ਼ਾਕਿਰ ਪੁੱਤਰ ਜ਼ਾਹਿਦ ਤੇ ਉਸ ਦੇ ਦੋ ਸਾਥੀਆਂ ਪੱਪੂ ਉਰਫ ਜਾਵੇਦ ਤੇ ਆਲਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਵੀਡੀਓ ਬਣਾਉਣ ‘ਚ ਸ਼ਾਮਲ ਦੋਵੇਂ ਮੁਲਜ਼ਮ ਅਜੇ ਫਰਾਰ ਹਨ।
ਉੱਥੇ ਹੀ, ਐਸਪੀ ਦੇਹਾਤ ਕਮਲੇਸ਼ ਬਹਾਦੁਰ ਨੇ ਦੱਸਿਆ ਕਿ ਦੋ ਸਾਲਾਂ ਤੋਂ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼ ਹੈ, ਜਿਸ ਸਬੰਧੀ 376 (3) ਆਈਪੀਸੀ ਤੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਮੂਹਿਕ ਜਬਰ ਜਨਾਹ ਦੀ ਖਬਰ ਚਲਾਈ ਜਾ ਰਹੀ ਹੈ ਜੋ ਕਿ ਗਲਤ ਹੈ। ਕੁਝ ਮਹੀਨੇ ਪਹਿਲਾਂ ਜਦੋਂ ਪੀੜਤਾ ਮੁਲਜ਼ਮ ਨਾਲ ਇਕਾਂਤ ‘ਚ ਸੀ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਲਈ ਤੇ ਇਕੱਠੇ ਦੇਖ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਮਾਮਲੇ ‘ਚ ਤਿੰਨ ਮੁਲਜ਼ਮ ਗ੍ਰਿਫ਼ਤਾਰ ਹਨ। ਗਲਤ ਤੱਥਾਂ ਦੇ ਆਧਾਰ ‘ਤੇ ਖਬਰਾਂ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।