ਉੱਤਰ ਪ੍ਰਦੇਸ਼ ਦੇ ਲਖਨਊ ‘ਚ ਜੇਈਈ ਦੀ ਕੋਚਿੰਗ ਲੈ ਰਹੇ ਵਿਦਿਆਰਥੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਘਟਨਾ ਕ੍ਰਿਸ਼ਨਾ ਨਗਰ ਇਲਾਕੇ ਦੀ ਹੈ। ਇਸ਼ਟੀ ਦਿਵੇਦੀ ਨਾਂ ਦੀ ਵਿਦਿਆਰਥਣ ਸ਼ਨਿਚਰਵਾਰ ਦੇਰ ਸ਼ਾਮ ਕੋਚਿੰਗ ਸੈਂਟਰ ਤੋਂ ਘਰ ਪਰਤ ਰਹੀ ਸੀ। ਇਸ ਦੌਰਾਨ ਤੇਜ਼ ਮੀਂਹ ਪੈ ਰਿਹਾ ਸੀ, ਜਿਸ ਕਾਰਨ ਸਟਰੀਟ ਲਾਈਟ ਦੇ ਖੰਭੇ ‘ਚ ਅਚਾਨਕ ਕਰੰਟ ਆ ਗਿਆ। ਖੰਭੇ ਦੀਆਂ ਕੁਝ ਤਾਰਾਂ ਖਿੱਲਰੀਆਂ ਪਈਆਂ ਸਨ। ਜਦੋਂ ਇਸ਼ਟੀ ਨੇ ਇਨ੍ਹਾਂ ਤਾਰਾਂ ਨੂੰ ਛੂਹਿਆ ਤਾਂ ਉਸ ਨੂੰ ਵੀ ਕਰੰਟ ਲੱਗ ਗਿਆ ਤੇ ਉਹ ਬੁਰੀ ਤਰ੍ਹਾਂ ਝੁਲਸ ਗਈ।
ਆਸਪਾਸ ਦੇ ਲੋਕ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਦਿਆਰਥਣ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇਕ ਰਾਹਗੀਰ ਨੂੰ ਵੀ ਕਰੰਟ ਲੱਗ ਗਿਆ। ਜਾਣਕਾਰੀ ਮੁਤਾਬਕ ਵਪਾਰੀ ਵਿਨੀਤ ਦਿਵੇਦੀ ਮੂਲ ਰੂਪ ‘ਚ ਬੰਥਾਰਾ ਦੀ ਕ੍ਰਿਸ਼ਨਾ ਲੋਕ ਕਾਲੋਨੀ ਦਾ ਰਹਿਣ ਵਾਲਾ ਹੈ ਅਤੇ ਸੂਰਤ ‘ਚ ਫੈਕਟਰੀ ਚਲਾਉਂਦਾ ਹੈ। ਉਸਦੀ ਪਤਨੀ ਯਥਾ ਦਿਵੇਦੀ ਬੱਚਿਆਂ ਨਾਲ ਕ੍ਰਿਸ਼ਨਾ ਨਗਰ ਦੀ ਐਲਡੀਏ ਕਾਲੋਨੀ ਸੈਕਟਰ-ਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ।
ਵਿਨੀਤ ਦੀ ਧੀ ਇਸ਼ਟੀ (16) ਇੰਟਰ ਦੀ ਵਿਦਿਆਰਥਣ ਸੀ ਤੇ ਫੀਨਿਕਸ ਮਾਲ ਨੇੜੇ ਆਕਾਸ਼ ਕੋਚਿੰਗ ‘ਚ ਜੇਈਈ ਦੀ ਕੋਚਿੰਗ ਲੈ ਰਹੀ ਸੀ। ਰੋਜ਼ ਦੀ ਤਰ੍ਹਾਂ ਉਹ ਸ਼ਨਿਚਰਵਾਰ ਦੁਪਹਿਰ ਨੂੰ ਘਰੋਂ ਕੋਚਿੰਗ ਸੈਂਟਰ ਗਈ ਸੀ। 6:30 ਵਜੇ ਕਲਾਸ ਖਤਮ ਹੋਣ ਤੋਂ ਬਾਅਦ ਇਸ਼ਟੀ ਕੋਚਿੰਗ ਸੈਂਟਰ ਤੋਂ ਘਰ ਲਈ ਰਵਾਨਾ ਹੋ ਗਈ। ਫਿਰ ਜ਼ੋਰਦਾਰ ਮੀਂਹ ਪੈਣ ਲੱਗਾ। ਕੁਝ ਦੇਰ ‘ਚ ਹੀ ਸੜਕ ’ਤੇ ਪਾਣੀ ਭਰ ਗਿਆ। ਇਸ਼ਟੀ ਨੇ ਪਿਕਾਡਲੀ ਹੋਟਲ ਨੂੰ ਜਾਂਦੀ ਸੜਕ ਕਿਨਾਰੇ ਚੱਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਨਿਸ਼ਕ ਸ਼ੋਅਰੂਮ ਸਾਹਮਣੇ ਸਟਰੀਟ ਲਾਈਟ ਦੇ ਖੰਭੇ ‘ਚ ਕਰੰਟ ਆ ਗਿਆ। ਇਸ਼ਟੀ ਕਰੰਟ ਦੀ ਲਪੇਟ ਆ ਗਈ।