2019 ਤੋਂ ਬਾਅਦ ਪਹਿਲੀ ਵਾਰ ਖੇਡਦੇ ਹੋਏ ਅਰਜਨਟੀਨਾ ਦੇ ਟੈਨਿਸ ਖਿਡਾਰੀ ਜੁਆਨ ਮਾਰਿਟਨ ਡੇਲ ਪੋਤਰੋ ਅਰਜਨਟੀਨਾ ਓਪਨ ਦੇ ਪਹਿਲੇ ਗੇੜ ਵਿਚ ਹਾਰ ਗਏ। ਫੇਡੇਰਿਕੋ ਡੇਲਬੋਨਿਸ ਨੇ ਡੇਲ ਪੋਤਰੋ ਨੂੰ 6-1, 6-3 ਨਾਲ ਹਰਾ ਦਿੱਤਾ। ਸੱਜੇ ਗੋਡੇ ਦੀਆਂ ਚਾਰ ਸਰਜਰੀਆਂ ਤੋਂ ਬਾਅਦ ਦੁਨੀਆ ਦੇ ਸਾਬਕਾ ਤੀਜੇ ਨੰਬਰ ਦੇ ਖਿਡਾਰੀ ਪੋਤਰੋ ਦਾ ਨਾਂ ਇਸ ਮਹੀਨੇ ਹੋਣ ਵਾਲੇ ਏਟੀਪੀ 500 ਰੀਓ ਓਪਨ ਦੇ ਡਰਾਅ ਵਿਚ ਸ਼ਾਮਲ ਹੈ।
ਪਿਛਲੇ ਹਫ਼ਤੇ ਸਾਬਕਾ ਯੂਐੱਸ ਓਪਨ ਚੈਂਪੀਅਨ (2009) ਨੇ ਸੰਕੇਤ ਦਿੱਤਾ ਕਿ ਬਿਊਨਸ ਆਇਰਸ ਤੇ ਰੀਓ ਓਪਨ ਉਨ੍ਹਾਂ ਦਾ ਆਖ਼ਰੀ ਏਟੀਪੀ ਟੂਰ ਟੂਰਨਾਮੈਂਟ ਹੋ ਸਕਦਾ ਹੈ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਮੁੜ ਡਾਕਟਰਾਂ ਨਾਲ ਗੱਲ ਕਰਾਂਗਾ। ਮੈਂ ਆਪਣੇ ਗੋਡੇ ਦੀ ਦੇਖਭਾਲ ਕਰਨੀ ਹੈ ਤੇ ਫਿਰ ਅਸੀਂ ਦੇਖਾਂਗੇ। ਮੈਂ ਹਮੇਸ਼ਾ ਖੇਡਣ ਲਈ ਤਿਆਰ ਰਹਾਂਗਾ। ਜੇਕਰ ਇਹ ਮੇਰਾ ਆਖ਼ਰੀ ਮੈਚ ਹੈ ਤਾਂ ਵੀ ਮੈਂ ਖ਼ੁਸ਼ ਰਹਾਂਗਾ। ਇਹ ਸਮਝਣਾ ਮੁਸ਼ਕਲ ਹੈ ਕਿ ਮੈਂ ਕੋਰਟ ‘ਤੇ ਕਿਹੋ ਜਿਹਾ ਮਹਿਸੂਸ ਕੀਤਾ ।
ਇਹ ਕਾਫੀ ਚੰਗਾ ਮਾਹੌਲ ਸੀ ਤੇ ਇਸ ਭੀੜ ਦੇ ਅੱਗੇ ਇਹ ਮੇਰੇ ਕਰੀਅਰ ਦੇ ਸਰਬੋਤਮ ਮੈਚਾਂ ਵਿਚੋਂ ਇਕ ਸੀ। ਦੁਨੀਆ ਦੇ 42ਵੇਂ ਨੰਬਰ ਦੇ ਖਿਡਾਰੀ ਡੇਲਬੋਨਿਸ ਅਗਲੇ ਗੇੜ ਵਿਚ ਵੀਰਵਾਰ ਨੂੰ ਸਪੇਨ ਦੇ ਪਾਬਲੋ ਅੰਡੁਜਰ ਨਾਲ ਭਿੜਨਗੇ।