ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਖਾਲਿਸਤਾਨ ਸਮਰਥਕ ਸੰਗਠਨ ‘ਵਾਰਿਸ ਪੰਜਾਬ ਦੇ’ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖਤ ਕਾਰਵਾਈ ਕੀਤੀ ਹੈ। ਸੂਬਾ ਪੁਲਿਸ ਨੇ ਅੰਮ੍ਰਿਤਪਾਲ ਦੇ ਦੋ Bodyguards ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਇਹ ਲਾਇਸੈਂਸ ਜੰਮੂ-ਕਸ਼ਮੀਰ ਤੋਂ ਹੀ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਯੂ-ਟਿਊਬ ਚੈਨਲ ‘ਤੇ ਵੀ ਕਾਰਵਾਈ ਕੀਤੀ ਗਈ ਹੈ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਅਤੇ ਰਾਮਬਨ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਦੋ Bodyguards ਨੂੰ ਜਾਰੀ ਹਥਿਆਰਾਂ ਦਾ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 19 ਸਿੱਖ ਰੈਜੀਮੈਂਟ ਦੇ ਸੇਵਾਮੁਕਤ ਸਿਪਾਹੀ ਵਰਿੰਦਰ ਸਿੰਘ ਅਤੇ 23 ਆਰਮਡ ਪੰਜਾਬ ਤੋਂ ਸੇਵਾਮੁਕਤ ਸਿਪਾਹੀ ਤਲਵਿੰਦਰ ਸਿੰਘ ਦੇ ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਨੇ ਵਰਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਯੂਟਿਊਬ ਚੈਨਲਾਂ ‘ਤੇ ਵੀ ਐਕਸ਼ਨ
ਇਸ ਨਾਲ ਹੀ ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਖਾਲਿਸਤਾਨ ਪੱਖੀ ਭਾਵਨਾਵਾਂ ਨੂੰ ਵਧਾਵਾ ਦੇਣ ਦੇ ਦੋਸ਼ ਹੇਠ ਘੱਟੋ-ਘੱਟ 6 ਯੂ-ਟਿਊਬ ਚੈਨਲਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ। ਇਸ ਲਈ ਕੇਂਦਰ ਸਰਕਾਰ ਨੇ ਮੰਗ ਕੀਤੀ ਸੀ। ਅਧਿਕਾਰੀਆਂ ਨੇ ਸ਼ੁੱਕਰਵਾਰ (10 ਮਾਰਚ) ਨੂੰ ਇਹ ਜਾਣਕਾਰੀ ਦਿੱਤੀ। ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵ ਚੰਦਰਾ ਨੇ ਦੱਸਿਆ ਕਿ ਪਿਛਲੇ 10 ਦਿਨਾਂ ਵਿੱਚ ਵਿਦੇਸ਼ਾਂ ਤੋਂ ਚਲਾਏ ਜਾ ਰਹੇ 6 ਤੋਂ 8 ਯੂ-ਟਿਊਬ ਚੈਨਲਾਂ ਨੂੰ ‘ਬਲਾਕ’ ਕਰ ਦਿੱਤਾ ਗਿਆ ਹੈ।
ਕਿਉਂ ਕੀਤੀ ਗਈ ਕਾਰਵਾਈ?
ਹਾਲ ਹੀ ‘ਚ ਪੰਜਾਬ ਦੇ ਅਜਨਾਲਾ ‘ਚ ਖਾਲਿਸਤਾਨ ਪੱਖੀ ਸੰਗਠਨ ‘ਵਾਰਿਸ ਪੰਜਾਬ ਦੇ’ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ। ਸਿੰਘ ਦੇ ਸਮਰਥਕ ਹਥਿਆਰਬੰਦ ਸਨ ਅਤੇ ਆਪਣੇ ਇੱਕ ਸਾਥੀ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਯੂਟਿਊਬ ਚੈਨਲ ਨੂੰ ‘ਬਲਾਕ’ ਕਰਨ ਬਾਰੇ ਸਰਕਾਰ ਦੀ ਬੇਨਤੀ ‘ਤੇ 48 ਘੰਟਿਆਂ ਦੇ ਅੰਦਰ ਕਾਰਵਾਈ ਕਰ ਰਿਹਾ ਹੈ।