ਤਾਮਿਲਨਾਡੂ ‘ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਵਿਚ ਸੀਡੀਐੱਸ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ‘ਚ 14 ਲੋਕ ਸਵਾਰ ਸਨ ਤੇ ਇਨ੍ਹਾਂ ਵਿਚੋਂ 13 ਦੀ ਮੌਤ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਹਵਾਈ ਫ਼ੌਜ ਨੇ ਵੀ ਕਰ ਦਿੱਤੀ ਹੈ। ਬਰਾਮਦ ਲਾਸ਼ਾਂ ਦੀ ਪਛਾਣ DNA ਰਾਹੀਂ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਭਲਕੇ ਇਸ ਸਬੰਧੀ ਬਿਆਨ ਦੇਣਗੇ। ਬਿਪਿਨ ਰਾਵਤ ਦੇਸ਼ ਦੇ ਪਹਿਲੇ ਤੇ ਮੌਜੂਦ ਸੀਡੀਐੱਸ ਸਨ।
ਸਮਾਚਾਰ ਏਜੰਸੀ ਏਐਨਆਈ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਡੀਐਸ ਬਿਪਿਨ ਰਾਵਤ ਉਨ੍ਹਾਂ ਦਾ ਸਟਾਫ ਅਤੇ ਕੁਝ ਪਰਿਵਾਰਕ ਮੈਂਬਰ ਫੌਜ ਦੇ ਐਮਆਈ-ਸੀਰੀਜ਼ ਹੈਲੀਕਾਪਟਰ ‘ਚ ਸਵਾਰ ਸਨ ਜੋ ਤਾਮਿਲਨਾਡੂ ਦੇ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਆਸਪਾਸ ਦੇ ਇਲਾਕਿਆਂ ‘ਚ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਗਈ ਹੈ। ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਲਗਾਤਾਰ ਇਸ ਮਾਮਲੇ ‘ਚ ਅਪਡੇਟ ਲੈ ਰਹੇ ਹਨ ਤੇ ਪ੍ਰਧਾਨ ਮੰਤਰੀ ਦੇ ਵੀ ਸੰਪਰਕ ‘ਚ ਹਨ।