ਕਰੂਜ਼ ਡਰੱਗਜ਼ ਮਾਮਲੇ ਵਿੱਚ NCB ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਆਰੀਅਨ ਖਾਨ ਨੂੰ ਇੱਕ ਹੋਰ ਰਾਹਤ ਮਿਲੀ ਹੈ। ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਸ਼ਾਹਰੁਖ ਖਾਨ ਦੇ ਬੇਟੇ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਵਿੱਚ ਆਰੀਅਨ ਨੇ ਆਪਣਾ ਪਾਸਪੋਰਟ ਵਾਪਸ ਕਰਨ ਦੀ ਬੇਨਤੀ ਕੀਤੀ ਸੀ। ਅਦਾਲਤ ਨੇ ਕੋਰਟ ਰਜਿਸਟਰੀ ਨੂੰ ਖਾਨ ਦਾ ਪਾਸਪੋਰਟ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਆਰੀਅਨ ਖਾਨ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ ਆਰੀਅਨ ਖਾਨ ਨੂੰ ਪਿਛਲੇ ਸਾਲ ਕਰੂਜ਼ ਡਰੱਗਜ਼ ਮਾਮਲੇ ‘ਚ ਫਸਾਇਆ ਗਿਆ ਸੀ। ਉਸਨੂੰ 2 ਅਕਤੂਬਰ 2021 ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਸੀ। ਆਰੀਅਨ 28 ਦਿਨਾਂ ਤੋਂ ਜੇਲ੍ਹ ਵਿੱਚ ਸੀ। ਕਈ ਮਹੀਨਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ NCB ਨੇ ਪਿਛਲੇ ਮਹੀਨੇ ਆਰੀਅਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸਬੂਤਾਂ ਦੀ ਘਾਟ ਕਾਰਨ ਉਸ ਨੂੰ ਇਸ ਕੇਸ ਵਿੱਚ ਰਾਹਤ ਮਿਲੀ ਹੈ। ਇਸ ਤੋਂ ਬਾਅਦ ਖਾਨ ਨੇ ਵਿਸ਼ੇਸ਼ ਅਦਾਲਤ ਤੋਂ ਆਪਣਾ ਪਾਸਪੋਰਟ ਵਾਪਸ ਕਰਨ ਦੀ ਮੰਗ ਕੀਤੀ।
ਪਾਸਪੋਰਟ ਮਾਮਲੇ ‘ਚ ਸੁਣਵਾਈ ‘ਚ ਆਰੀਅਨ ਦੇ ਹੱਕ ‘ਚ ਫੈਸਲਾ ਆਇਆ ਹੈ। ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਖਾਨ ਦਾ ਪਾਸਪੋਰਟ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ। ਡਰੱਗਜ਼ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਆਰੀਅਨ ਖਾਨ ਨੇ ਜ਼ਮਾਨਤ ਦੀਆਂ ਸ਼ਰਤਾਂ ਦੇ ਨਾਲ ਪਾਸਪੋਰਟ ਅਦਾਲਤ ‘ਚ ਜਮ੍ਹਾ ਕਰਵਾਇਆ ਸੀ। NCB ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਆਰੀਅਨ ਨੇ 30 ਜੂਨ ਨੂੰ ਵਿਸ਼ੇਸ਼ ਅਦਾਲਤ ‘ਚ ਅਰਜ਼ੀ ਦਿੱਤੀ ਸੀ। ਜਿਸ ਵਿੱਚ ਉਸਨੇ ਅਦਾਲਤ ਤੋਂ ਆਪਣਾ ਪਾਸਪੋਰਟ ਮੰਗਿਆ ਸੀ।