ਮੁੰਬਈ ਡਰੱਗਜ਼ ਕੇਸ ‘ਚ ਫਸੇ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ (Aryan Khan) ਦੀ ਜ਼ਮਾਨਤ ਅਰਜ਼ੀ ‘ਤੇ ਹੁਣ ਬੁੱਧਵਾਰ ਨੂੰ ਸੁਣਵਾਈ ਹੋਵੇਗੀ। Aryan Khan ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ੍ਹ ‘ਚ ਕੈਦ ਹਨ। ਇਹ ਚੌਥੀ ਵਾਰ ਹੈ ਜਦੋਂ ਆਰੀਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕੋਰਟ ‘ਚ ਜ਼ਮਾਨਤ ਦੀ ਅਰਜ਼ੀ ਦਿੱਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸ਼ਨਿਚਰਵਾਰ, 2 ਅਕਤੂਬਰ ਨੂੰ ਇਕ ਕਥਿਤ ਰੇਵ ਪਾਰਟੀ ਦਾ ਭਾਂਡਾ ਭੰਨਣ ਤੋਂ ਬਾਅਦ 23 ਸਾਲਾ ਆਰੀਅਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸੇ ਹਫ਼ਤੇ ਵੀਰਵਾਰ ਨੂੰ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਤੇ ਬਾਅਦ ਵਿਚ ਸ਼ੁੱਕਰਵਾਰ ਨੂੰ ਆਰੀਅਨ ਦੀ ਜ਼ਮਾਨਤ ਅਰਜ਼ੀ ਨੂੰ ਮੈਜਿਸਟ੍ਰੇਟ ਨੇ ਖਾਰਜ ਕਰ ਦਿੱਤਾ।
ਉਦੋਂ ਤੋਂ Aryan Khan ਆਰਥਰ ਰੋਡ ਜੇਲ੍ਹ ‘ਚ ਕੈਦ ਹਨ। NCB ਅੱਜ ਵੀ ਆਰੀਅਨ ਖ਼ਾਨ ਦੀ ਜ਼ਮਾਨਤ ਦਾ ਵਿਰੋਧ ਕਰੇਗੀ। ਜੇਕਰ ਸੈਸ਼ਨਜ਼ ਕੋਰਟ ‘ਚ ਜ਼ਮਾਨਤ ਨਹੀਂ ਮਿਲਦੀ ਹੈ ਤਾਂ ਆਰੀਅਨ ਖ਼ਾਨ ਨੂੰ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ।NCB ਦਾ ਦਾਅਵਾ ਹੈ ਕਿ ਡਰੱਗਜ਼ ਮਾਮਲੇ ‘ਚ ਉਸ ਦੀ ਛਾਪੇਮਾਰੀ ਜੀਰੀ ਹੈ। ਇਸ ਲਈ ਆਰੀਅਨ ਖ਼ਾਨ ਦੀ ਕਸਟੱਡੀ ਜ਼ਰੂਰੀ ਹੈ। ਇਸ ਦੌਰਾਨ ਪੂਰੇ ਮਾਮਲੇ ਦੇ ਕੌਮਾਂਤਰੀ ਤਾਰ ਵੀ ਜੁੜਨ ਲੱਗੇ ਹਨ। ਇਕ ਨਾਇਜੀਰੀਅਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲਾ ਸਿਆਸੀ ਵੀ ਹੋ ਚੁੱਕਾ ਹੈ। ਐੱਨਸੀਪੀ ਬੁਲਾਰੇ ਤੇ ਊਧਵ ਠਾਕਰੇ ਸਰਕਾਰ ‘ਚ ਮੰਤਰੀ ਨਵਾਬ ਮਲਿਕ ਸ਼ੁਰੂ ਤੋਂ ਇਸ ਮਾਮਲੇ ‘ਚ NCB ਨੂੰ ਨਿਸ਼ਾਨਾ ਬਣਾ ਰਹੇ ਹਨ। ਨਵਾਬ ਮਲਿਕ ਦਾ ਕਹਿਣਾ ਹੈ ਕਿ ਭਾਜਪਾ ਦੇ ਇਸ਼ਾਰੇ ‘ਤੇ ਇਹ ਸਭ ਹੋ ਰਿਹਾ ਹੈ। ਉੱਥੇ ਹੀ ਵਿਸ਼ਾਲ ਦਦਲਾਨੀ ਵਰਗੇ ਬਾਲੀਵੁੱਡ ਨਾਲ ਜੁੜੇ ਲੋਕ ਤਾਂ ਇੱਥੋਂ ਤਕ ਕਹਿ ਰਹੇ ਕਿ ਸ਼ਾਹਰੁਖ ਖ਼ਾਨ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।