ਮੁੰਬਈ ਦੀ ਕੋਰਟ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਛਾਪੇ ਦੌਰਾਨ ਫੜੇ ਗਏ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਜ਼ਮਾਨਤ ਮਿਆਦ ਵਧਾ ਕੇ 7 ਅਕਤੂਬਰ ਕਰ ਦਿੱਤੀ ਹੈ। ਆਰੀਆ ਦੇ ਨਾਲ ਮੁਨਮੁਨ ਧਮੇਚਾ ਤੇ ਅਰਬਾਜ਼ ਮਰਚੈਂਟ ਨੂੰ ਵੀ ਐੱਨਸੀਬੀ ਦੀ ਕਸਟੱਡੀ ‘ਚ ਭੇਜਿਆ ਗਿਆ ਹੈ। ਐੱਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਐਤਵਾਰ ਨੂੰ ਡਰੱਗਜ਼ ਮਾਮਲੇ ‘ਚ ਆਰੀਅਨ ਖ਼ਾਨ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਆਰੀਆ ਖ਼ਾਨ ‘ਤੇ ਦੋਸ਼ ਹੈ ਕਿ ਉਸ ਨੇ ਇਕ ਕਰੂਜ਼ ਰੇਵ ਪਾਰਟੀ ‘ਚ ਹਿੱਸਾ ਲਿਆ ਸੀ। ਐੱਨਸੀਬੀ ਨੇ ਸ਼ਨਿਚਰਵਾਰ ਰਾਤ ਮੁੰਬਈ ‘ਚ ਇਕ ਕਰੂਜ਼ ‘ਤੇ ਛਾਪਾ ਮਾਰਿਆ ਸੀ ਜਿੱਥੇ ਰੇਵ ਪਾਰਟੀ ਚੱਲ ਰਹੀ ਸੀ। ਇਨ੍ਹਾਂ ਸਾਰਿਆਂ ਨੂੰ ਐੱਨਡੀਪੀਐੱਸ ਐਕਟ 1985 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਆਰੀਅਨ ਖ਼ਾਨ ਸਮੇਤ ਸਾਰੇ ਮੁਲਜ਼ਮਾਂ ਖਿਲਾਫ਼ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ ਐਕਟ (NDPS) ਦੀਆਂ ਧਾਰਾਵਾਂ 8-ਸੀ, 20-ਬੀ, 27 ਤੇ 35 ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਧਾਰਾ ਤਹਿਤ ਡਰੱਗਜ਼ ਦਾ ਸੇਵਨ ਕਰਨ ਵਾਲਿਆਂ ‘ਤੇ ਵੱਧ ਤੋਂ ਵੱਧ 1 ਸਾਲ ਦੀ ਸਜ਼ਾ ਜਾਂ ਫਿਰ 20 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਹੈ।