ਧੀ ਦੇ ਸਹੁਰਾ ਪਰਿਵਾਰ ’ਤੇ ਦਾਜ ਲਈ ਤਸ਼ੱਦਦ ਕਰਨ ਸਬੰਧੀ ਸ਼ਿਕਾਇਤ ਵਿਚ ਪੁਲਿਸ ’ਤੇ ਗੋਲਮੋਲ ਕਾਰਵਾਈ ਦਾ ਵਿਭਾਗ ਦੇ ਏਐੱਸਆਈ ਹੁਸ਼ਿੰਦਰ ਰਾਣਾ ਨੇ ਦੋਸ਼ ਲਗਾ ਕੇ ਆਪਣਾ ਅਸਤੀਫਾ ਦੇਣ ਬੁੱਧਵਾਰ ਨੂੰ ਡੀਜੀਪੀ ਦੇ ਦਫਤਰ ਪੁੱਜ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦਾ ਹਿੱਸਾ ਹੋ ਕੇ ਵੀ ਉਹ ਧੀ ਨੂੰ ਇਨਸਾਫ਼ ਨਹੀਂ ਦਿਵਾ ਸਕਿਆ ਤਾਂ ਇਹ ਵਿਰਦੀ ਕਿਸ ਕੰਮ ਦੀ? ਹੁਣ ਤੰਗ ਆ ਕੇ ਅਧਿਕਾਰੀਆਂ ਨੂੰ ਆਪਣਾ ਅਸਤੀਫਾ ਸੌਂਪਣ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਬਰਖਾਸਤ ਕਰ ਦੇਵੇ, ਨੌਕਰੀ ਤੋਂ ਕੱਢ ਦੇਵੇ, ਕੋਈ ਫਰਕ ਨਹੀਂ ਪੈਂਦਾ। ਏਐੱਸਆਈ ਨੇ ਮਹਿਲਾ ਪੁਲਿਸ ਸਟੇਸ਼ਨ ’ਚ ਰਿਸ਼ਵਤ ਲੈ ਕੇ ਸਹੁਰਾ ਧਿਰ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਇਸ ਦੌਰਾਨ ਏਐੱਸਆਈ ਦੀ ਧੀ ਵੀ ਮੌਜੂਦ ਸੀ।
ਏਐੱਸਆਈ ਹੁਸ਼ਿੰਦਰ ਰਾਣਾ ਨੇ ਦੱਸਿਆ ਕਿ ਉਹ ਆਈਟੀ ਪਾਰਕ ਥਾਣੇ ’ਚ ਤਾਇਨਾਤ ਹੈ। ਉਹ ਆਪਣੀ ਧੀ ਦੇ ਨਾਲ ਸੈਕਟਰ 17 ਮਹਿਲਾ ਥਾਣਾ ਇੰਚਾਰਜ ਇੰਸਪੈਕਟਰ ਊਸ਼ਾ ਰਾਣੀ ਨੂੰ ਮਿਲੇ ਹਨ। ਉਥੇ ਕੋਈ ਸੁਣਵਾਈ ਨਾ ਹੋਣ ’ਤੇ ਉਹ ਅਸਤੀਫ਼ਾ ਦੇਣ ਸੈਕਟਰ 9 ਪੁਲਿਸ ਹੈੱਡਕੁਆਰਟਰ ’ਚ ਡੀਜੀਪੀ ਪ੍ਰਵੀਨ ਰੰਜਨ ਨੂੰ ਅਸਤੀਫ਼ਾ ਦੇਣ ਪਹੁੰਚ ਗਏ। ਉਥੇ ਏਐੱਸਆਈ ਅਤੇ ਉਨ੍ਹਾਂ ਦੀ ਧੀ ਨੂੰ ਵੀਰਵਾਰ 11 ਵਜੇ ਆਈਜੀ ਰਾਜਕੁਮਾਰ ਸਿੰਘ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤ ਦੇਣ ਨਾਲ ਹਾਲੇ ਤਕ ਕਈ ਵਾਰ ਜਾਂਚ ਅਧਿਕਾਰੀ, ਥਾਣਾ ਇੰਚਾਰਜ, ਡੀਐੱਸਪੀ, ਐੱਸਪੀ, ਐੱਸਐੱਸਪੀ ਨੂੰ ਮਿਲ ਕੇ ਧੀ ਨੂੰ ਇਨਸਾਫ਼ ਦੇਣ ਦੀ ਗੁਹਾਰ ਲਗਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਉਨ੍ਹਾਂ ਨੂੰ ਮਿਹਣੇ ਦਿੰਦੀ ਹੈ ਕਿ ਉਹ ਪੁਲਿਸ ਅਫਸਰ ਹੋਣ ਦੇ ਬਾਵਜੂਦ ਉਸ ਨੂੰ ਇਨਸਾਫ ਨਹੀਂ ਦਿਵਾ ਸਕੇ।
ਏਐੱਸਆਈ ਨੇ ਦੱਸਿਆ ਕਿ ਉਹ ਹਰਿਆਣਾ ਦੇ ਯਮੁਨਾ ਨਗਰ ਦੇ ਵਾਸੀ ਹਨ। ਉਨ੍ਹਾਂ ਦੀ ਵੱਡੀ ਧੀ ਪਾਰੁਲ ਦਾ ਵਿਆਹ 29 ਨਵੰਬਰ 2021 ਨੂੰ ਸੁਭਾਸ਼ ਨਗਰ ਬਸੰਤ ਵਿਹਾਰ, ਦੇਹਰਾਦੂਨ ਵਾਸੀ ਸੂਰਜ ਚੌਹਾਨ ਨਾਲ ਹੋਇਆ ਸੀ। ਕੁੜਮਾਈ ਤੋਂ 15 ਦਿਨ ਪਹਿਲਾਂ ਧੀ ਦੀ ਸੱਸ ਕਿਰਨ ਚੌਹਾਨ ਨੇ ਫੋਨ ਕਰ ਕੇ ਇਹ ਸਮਾਗਮ ਉਨ੍ਹਾਂ ਦੀ ਹੈਸੀਅਤ ਮੁਤਾਬਕ ਚੰਗੇ ਹੋਟਲ ਵਿਚ ਕਰਨ ਲਈ ਕਿਹਾ। ਦੋ ਦਿਨ ਬਾਅਦ ਧੀ ਦੀਆਂ ਨਨਾਣਾਂ ਨੇ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਹਰ ਸਾਮਾਨ ਬ੍ਰਾਂਡਿਡ ਚਾਹੀਦਾ ਹੈ। ਇੰਡਸਟਰੀਅਲ ਏਰੀਆ ਸਥਿਤ ਹੋਟਲ ਟਰਕਵਾਈਸ ’ਚ ਉਨ੍ਹਾਂ ਮੁਤਾਬਕ ਸਮਾਗਮ ਕੀਤਾ ਗਿਆ ਸੀ।
ਏਐੱਸਾਈ ਦੀ ਧੀ ਪਾਰੁਲ ਨੇ ਦੋਸ਼ ਲਾਇਆ ਕਿ ਵਿਆਹ ਤੋਂ ਪਹਿਲਾਂ ਉਸ ਦੇ ਸਹੁਰੇ ਨਾ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਦੇ ਮਹਿਮਾਨਾਂ ਲਈ ਮਹਿੰਗੀ ਤੋਂ ਮਹਿੰਗੀ ਸ਼ਰਾਬ ਹੋਣੀ ਚਾਹੀਦੀ ਹੈ। ਇਸ ’ਤੇ ਕੁੱਲ 9 ਲੱਖ ਰੁਪਏ ਦਾ ਖਰਚ ਆਇਆ ਸੀ। ਮੁਬਾਰਕਪੁਰ ਸਥਿਤ ਪੈਲੇਸ ’ਚ ਸਹੁਰਾ ਪੱਖ ਮੁਤਾਬਕ ਵਿਆਹ ਕੀਤਾ ਗਿਆ। ਉਨ੍ਹਾਂ ਸ਼ਗਨ ਵਜੋਂ 11 ਲੱਖ ਰੁਪਏ ਦਿੱਤੇ। ਇਸ ’ਤੇ ਸਹੁਰਾ ਪਰਿਵਾਰ ਨੇ 50 ਲੱਖ ਰੁਪਏ ਨਕਦ ਤੇ ਬੀਐੱਮਡਬਲਯੂ ਕਾਰ ਦੀ ਮੰਗ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦੇ।
ਪਾਰੁਲ ਨੇ ਦੱਸਿਆ ਕਿ ਗਰਭਵਤੀ ਹੋਣ ਦੀ ਜਾਣਕਾਰੀ ਹੋਣ ’ਤੇ ਉਸ ਦੀਆਂ ਦੋਵੇਂ ਨਨਾਣਾਂ, ਪਤੀ ਤੇ ਸੱਸ-ਸਹੁਰਾ ਪਰੇਸ਼ਾਨ ਰਹਿਣ ਲੱਗੇ। ਉਹ ਗਰਭਪਾਤ ਕਰਵਾਉਣ ਦੀ ਯੋਜਨਾ ਬਣਾਉਣ ਲੱਗੇ ਤਾਂ ਕਿ ਆਪਣੇ ਪੁੱਤਰ ਦਾ ਦੂਸਰਾ ਵਿਆਹ ਕਰਵਾ ਸਕਣ। ਉਪਰੰਤ 14 ਜਨਵਰੀ 2022 ਨੂੰ ਆਪਣੇ ਪਿਤਾ ਕੋਲ ਚੰਡੀਗੜ੍ਹ ਆ ਗਈ। ਇਸ ਤੋਂ ਬਾਅਦ ਉਸ ਦੇ ਘਰ ਵਾਲੇ ਦੇਹਰਾਦੂਨ ’ਚ ਪੰਚਾਇਤ ਲੈ ਕੇ ਆਏ ਪਰ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਰੱਖਣ ਤੋਂ ਮਨ੍ਹਾ ਕਰ ਦਿੱਤਾ। ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਸਮੇਤ ਮਹਿਲਾ ਥਾਣਾ ਪੁਲਿਸ ਨੂੰ ਦਿੱਤੀ।
ਏਐੱਸਆਈ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਸਹੁਰਾ ਸੁਭਾਸ਼ ਚੌਹਾਨ, ਸੱਸ ਕਿਰਨ ਚੌਹਾਨ, ਪਤੀ ਸੂਰਜ ਚੌਹਾਨ ਸਮੇਤ ਦੋਵਾਂ ਨਨਾਣਾਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਿੱਤੀ। ਮਾਮਲੇ ਵਿਚ ਤਿੰਨ ਜਾਂਚ ਅਧਿਕਾਰੀ ਵੀ ਬਦਲ ਗਏ। ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਦੋ ਜਾਂਚ ਅਧਿਕਾਰੀ ਪੈਸਾ ਲੈ ਕੇ ਮਾਮਲੇ ਨੂੰ ਦਬਾਅ ਚੁੱਕੇ ਹਨ। ਲਗਪਗ ਡੇਢ ਸਾਲ ਬਾਅਦ ਪੁਲਿਸ ਨੇ ਮਾਮਲੇ ਵਿਚ ਸਿਰਫ ਪਤੀ ਸੂਰਜ ਖ਼ਿਲਾਫ਼ ਕੇਸ ਦਰਜ ਕੀਤਾ ਜਦਕਿ ਹੋਰਨਾਂ ਮੁਲਜ਼ਮਾਂ ਨੂੰ ਕਦੇ ਥਾਣੇ ਵੀ ਨਹੀਂ ਬੁਲਾਇਆ ਹੈ। ਨਾ ਕਦੇ ਧੀ ਅਤੇ ਉਸ ਦੇ ਪਤੀ ਦੀ ਪੁਲਿਸ ਨੇ ਕੌਂਸਲਿੰਗ ਕਰਵਾਈ।
ਇਸ ਮਾਮਲੇ ਵਿਚ ਮੁਲਜ਼ਮ ਪਤੀ ਸੂਰਜ ਚੌਹਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਅੱੱਗੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।