ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਮੈਚ ‘ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ‘ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਮਹਿਲਾ ਟੀਮ ਨੇ ਸੋਨ ਤਮਗਾ ਜਿੱਤਣ ਤੋਂ ਬਾਅਦ ਭਾਰਤ ਨੇ 100 ਮੈਡਲ ਦੇ ਅੰਕੜੇ ਨੂੰ ਛੂਹ ਲਿਆ ਹੈ। ਪੂਰੇ ਦੇਸ਼ ਨੂੰ ਇਸ ਪਲ ‘ਤੇ ਮਾਣ ਹੈ, ਕਿਉਂਕਿ ਹੁਣ ਤਕ ਭਾਰਤ ਕਿਸੇ ਵੀ ਏਸ਼ਿਆਈ ਖੇਡਾਂ ‘ਚ 100 ਦੇ ਅੰਕੜੇ ਨੂੰ ਨਹੀਂ ਛੂਹ ਸਕਿਆ ਸੀ।
ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਕਤੂਬਰ ਨੂੰ ਏਸ਼ਿਆਈ ਖੇਡਾਂ ਦੇ ਖਿਡਾਰੀਆਂ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਮਿਲਣਗੇ ਜਿਨ੍ਹਾਂ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ ਤੇ ਇਸ ਨੂੰ ਇਤਿਹਾਸਕ ਖੇਡਾਂ ਦਾ ਦਰਜਾ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਏਸ਼ਿਆਈ ਖੇਡਾਂ ‘ਚ ਭਾਰਤ ਲਈ 100 ਮੈਡਲ ਜਿੱਤਣਾ ਇਕ ਉਪਲਬਧੀ ਹੈ।
ਪੀਐਮ ਮੋਦੀ ਨੇ ਕੀਤਾ ਪੋਸਟ
ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ, “ਏਸ਼ਿਆਈ ਖੇਡਾਂ ‘ਚ ਭਾਰਤ ਲਈ ਇਕ ਮਹੱਤਵਪੂਰਨ ਉਪਲਬਧੀ। ਭਾਰਤ ਦੇ ਲੋਕ ਇਸ ਗੱਲ ਤੋਂ ਰੋਮਾਂਚਿਤ ਹਨ ਕਿ ਅਸੀਂ 100 ਮੈਡਲਾਂ ਦੀ ਜ਼ਿਕਰਯੋਗ ਉਪਲਬਧੀ ਤਕ ਪਹੁੰਚ ਗਏ। ਮੈਂ ਆਪਣੇ ਅਥਲੀਟਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਜਿਨ੍ਹਾਂ ਦੇ ਯਤਨਾਂ ਸਤਕਾਂ ਭਾਰਤ ਨੂੰ ਇਹ ਇਤਿਹਾਸਕ ਉਪਲਬਧੀ ਹਾਸਲ ਹੋਈ ਹੈ।”
ਪੀਐਮ ਮੋਦੀ ਨੇ ਕਿਹਾ, “ਹਰੇਕ ਸ਼ਾਨਦਾਰ ਪ੍ਰਦਰਸ਼ਨ ਨੇ ਇਤਿਹਾਸ ਰਚਿਆ ਹੈ ਤੇ ਸਾਡੇ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ। ਮੈਂ 10 ਤਰੀਕ ਨੂੰ ਸਾਡੇ ਏਸ਼ਿਆਈ ਖੇਡਾਂ ਦੀ ਟੀਮ ਦੀ ਮੇਜ਼ਬਾਨੀ ਕਰਨ ਤੇ ਸਾਡੇ ਐਥਲੀਟਾਂ ਨਾਲ ਗੱਲਬਾਤ ਕਰਨ ਲਈ ਉਤਸੁਕ ਹਾਂ।”