ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ਾਂ ਤੋਂ ਗਰਮੀ ਵਿਚ ਵੀ ਸੰਗਤ ਦੀ ਆਮਦ ’ਤੇ ਕੋਈ ਅਸਰ ਨਹੀਂ ਪੈ ਰਿਹਾ। ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਹਰ ਰੋਜ਼ ਸਵੇਰੇ 2 ਵਜੇ ਕਿਵਾੜ ਖੁਲਣ ਤੋਂ ਪਹਿਲਾਂ ਹੀ ਸੰਗਤ ਦਰਸ਼ਨੀ ਡਿਓਢੀ ਦੇ ਬਾਹਰ ਕਤਾਰਾਂ ’ਚ ਬੈਠ ਜਾਂਦੀ ਹੈ ਤੇ ਰਾਤ ਸਮਾਪਤੀ ਤੱਕ ਲੰਮੀਆਂ ਕਤਾਰਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਜੇਠ ਦੀ ਗਰਮੀ ਤੇ ਹੁੰਮਸ ਤੋਂ ਰਾਹਤ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਦਰਸ਼ਨ ਕਰਨ ਸਮੇਂ ਕਤਾਰਾਂ ’ਚ ਖੜ੍ਹੀ ਸੰਗਤ ਨੂੰ ਗਰਮੀ ਤੋਂ ਰਾਹਤ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਤਿੰਨ ਤੋਂ ਚਾਰ ਘੰਟੇ ਕਤਾਰਾਂ ’ਚ ਖੜ੍ਹੀ ਸੰਗਤ ਲਈ ਜਿਥੇ ਸ਼ਮਿਆਣੇ ਲਾਏ ਗਏ ਹਨ ਉਥੇ ਹੀ ਪਾਣੀ ਦਾ ਛਿੜਕਾਅ ਕਰਨ ਲਈ ਵਿਸ਼ੇਸ਼ ਸਪਰੇ ਪੰਪ ਵਿੱਧੀ ਦੀ ਵਰਤੋਂ ਕੀਤੀ ਜਾ ਰਹੀ ਹੈ। 300 ਦੇ ਕਰੀਬ ਪੱਖੇ, 50 ਦੇ ਕਰੀਬ ਵੱਡੇ ਕੂਲਰ ਵੀ ਗਰਮੀ ਤੋਂ ਰਾਹਤ ਦੇ ਰਹੇ ਹਨ। ਇਸ ਤੋਂ ਇਲਾਵਾ ਪਰਿਕਰਮਾ ’ਚ ਜੂਟ ਦੇ ਮੈਟਾਂ ਨੂੰ ਗਿੱਲਾ ਰੱਖਣ ਲਈ ਲਗਾਤਾਰ ਪਾਣੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜਿਥੇ ਪਰਿਕਰਮਾ ਦੇ ਚਾਰੇ ਕੋਨਿਆਂ ’ਚ ਛਬੀਲਾਂ ਚੱਲਦੀਆਂ ਹਨ, ਉਥੇ ਹੀ ਕਤਾਰਾਂ ’ਚ ਖੜ੍ਹੀ ਸੰਗਤ ਨੂੰ ਵੀ ਦਰਸ਼ਨੀ ਡਿਓਢੀ ਦੇ ਬਾਹਰ ਤੱਕ ਲੋੜ ਅਨੁਸਾਰ ਪਾਣੀ ਪਿਲਾਉਣ ਦੀ ਸੇਵਾ ਨੂੰ ਨਿਭਾਇਆ ਜਾਂਦਾ ਹੈ।
ਲੰਗਰ ਘਰ ’ਚ ਏਸੀ ਲਾਉਣ ਦਾ ਕੰਮ ਜੰਗੀ ਪੱਧਰ ’ਤੇ
ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ’ਚ ਬਣੇ ਹਾਲ ’ਚ ਏਸੀ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। 24 ਘੰਟੇ ਚੱਲ ਰਹੇ ਲੰਗਰ ਘਰ ’ਚ 80 ਹਜ਼ਾਰ ਤੋਂ ਲੈ ਕੇ 2.5 ਲੱਖ ਤੱਕ ਸੰਗਤ ਇਕ ਦਿਨ ’ਚ ਲੰਗਰ ਛਕਦੀ ਹੈ। ਮੌਜੂਦਾ ਸਮੇਂ ’ਚ ਪੱਖਿਆਂ ਨਾਲ ਗੁਜ਼ਾਰਾ ਕੀਤਾ ਜਾ ਰਿਹਾ ਹੈ।