ਅਮਰੀਕਾ ਦੇ ਫਲੋਰਿਡਾ ‘ਚ ਇਕ ਬਜ਼ੁਰਗ ਮਹਿਲਾ ਨੇ ਜਦੋਂ ਅਪਣਾ ਬੈਂਕ ਬੈਲੇਂਸ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਖਾਤੇ ‘ਚ ਇੰਨੀ ਵੱਡੀ ਰਕਮ ਹੋਵੇਗੀ। ਇਹ ਰਕਮ ਲਗਪਗ 1 ਬਿਲੀਅਨ ਡਾਲਰ ਭਾਵ ਭਾਰਤੀ ਕਰੰਸੀ ਦੇ ਹਿਸਾਬ ਨਾਲ ਅਰਬਾਂ ਰੁਪਏ ‘ਚ ਸੀ। ਬੈਂਕ ਅਧਿਕਾਰੀਆਂ ਨੂੰ ਜਦੋਂ ਬਜ਼ੁਰਗ ਮਹਿਲਾ ਨੇ ਇਸ ਦੀ ਜਾਣਕਾਰੀ ਦਿਤੀ ਤਾਂ ਪੂਰੇ ਮਾਮਲੇ ਦਾ ਖੁਲਾਸਾ ਹੋਇਆ।
ਫਲੋਰਿਡਾ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਜੂਲੀਆ ਯੋਂਕੋਵਸਕੀ ਏਟੀਐਮ ‘ਚੋਂ 20 ਡਾਲਰ ਕੱਢਵਾਉਣ ਲਈ ਗਈ ਪਰ ਨਿਕਾਸੀ ਦੌਰਾਨ ਏਟੀਐਮ ਮਸ਼ੀਨ ਨੇ ਉਨ੍ਹਾਂ ਨੂੰ ਅਲਰਟ ਕੀਤਾ ਕਿ ਇਹ ਰਕਮ ਕੱਢਵਾਉਣ ਲਈ ਉਨ੍ਹਾਂ ਨੂੰ ਚਾਰਜ ਦੇਣਾ ਪਵੇਗਾ। ਮਸ਼ੀਨ ਦੁਆਰਾ ਦਿੱਤੀ ਗਈ ਵਾਰਨਿੰਗ ਨੂੰ ਅਣਦੇਖਾ ਕਰਦੇ ਹੋਏ ਉਨ੍ਹਾਂ ਨੇ ਟਰਾਂਸਜੈਕਸ਼ਨ ਨੂੰ ਜਾਰੀ ਰੱਖਿਆ। ਇਸ ਤੋਂ ਬਾਅਦ ਜੂਲੀਆ ਨੇ ਆਪਣਾ ਬੈਂਕ ਬੈਲੇਂਸ ਚੈੱਕ ਕੀਤਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਬੈਂਕ ਰਸੀਦ ‘ਚ ਉਨ੍ਹਾਂ ਦੇ ਅਕਾਊਂਟ ‘ਚ999,985,855.94 ਡਾਲਰ ਭਾਵ ਭਾਰਤੀ ਕਰੰਸੀ ਮੁਤਾਬਕ 7417 ਕਰੋੜ ਰੁਪਏ ਸੀ।
ਜੂਲੀਆ ਨੂੰ ਜਦੋਂ ਪਤਾ ਚੱਲਿਆ ਕਿ ਉਨ੍ਹਾਂ ਦੇ ਅਕਾਊਂਟ ‘ਚ ਅਰਬਾਂ ਰੁਪਏ ਹਨ, ਬਾਵਜੂਦ ਇਸ ਦੇ ਉਨ੍ਹਾਂ ਨੇ ਉਸ ਰਕਮ ਨੂੰ ਟਚ ਨਹੀਂ ਕੀਤਾ। ਉਹ ਕਹਿੰਦੀ ਹੈ ਮੈਂ ਅਜਿਹੀਆਂ ਕਹਾਣੀਆਂ ਤੋਂ ਵਾਕਿਫ ਹਾਂ। ਜਿਸ ‘ਚ ਲੋਕਾਂ ਨੇ ਪਹਿਲਾਂ ਤਾਂ ਪੈਸਾ ਕੱਢਵਾ ਲਏ ਫਿਰ ਬਾਅਦ ‘ਚ ਉਨ੍ਹਾਂ ਨੂੰ ਉਹ ਪੈਸਾ ਵਾਪਸ ਕਰਨਾ ਪਿਆ। ਮੈਂ ਉਸ ਦਾ ਕੁਝ ਨਹੀਂ ਕਰਾਂਗੀ ਕਿਉਂਕਿ ਉਹ ਮੇਰਾ ਪੈਸਾ ਨਹੀਂ ਹੈ।