ਅਮਰੀਕਾ ਨੇ ਯੇਰੂਸ਼ਲਮ ‘ਚ ਇਕ ਪੂਜਾ ਸਥਾਨ ‘ਤੇ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਹਮਲੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਅਮਰੀਕਾ ਨੇ ਇਸ ਘਟਨਾ ‘ਤੇ ਕਿਹਾ ਕਿ ਅਸੀਂ ਇਸ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਤੋਂ ਬਹੁਤ ਸਦਮੇ ‘ਚ ਹਾਂ।
ਇੱਕ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ, ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਬੰਦੂਕ ਹਮਲੇ ਨੂੰ “ਘਿਨਾਉਣੇ” ਅਪਰਾਧ ਕਿਹਾ। ਉਨ੍ਹਾਂ ਕਿਹਾ, “ਅਸੀਂ ਇਸ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹਾਂ ਜੋ ਅੱਜ ਸ਼ਾਮ ਯੇਰੂਸ਼ਲਮ ਦੇ ਇਕ ਪ੍ਰਾਰਥਨਾ ਸਥਾਨ ‘ਤੇ ਹੋਇਆ ਅਤੇ ਘੱਟੋ-ਘੱਟ ਅੱਠ ਨਿਰਦੋਸ਼ ਲੋਕਾਂ ਦੀ ਮੌਤ ਹੋ ਗਈ।” ਅਸੀਂ ਇਸ ਜਾਨੀ ਨੁਕਸਾਨ ਤੋਂ ਹੈਰਾਨ ਅਤੇ ਦੁਖੀ ਹਾਂ।
ਜੋ ਬਾਇਡਨ ਨੇ ਜ਼ਖ਼ਮੀਆਂ ਦੀ ਮਦਦ ਕਰਨ ਦਾ ਦਿੱਤਾ ਹੁਕਮ
ਵ੍ਹਾਈਟ ਹਾਊਸ ਦੇ ਬਿਆਨ ਦੇ ਅਨੁਸਾਰ, ਉਸਨੇ ਅੱਗੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨੂੰ ਜ਼ਖ਼ਮੀਆਂ ਦੀ ਸਹਾਇਤਾ ਅਤੇ ਇਸ ਭਿਆਨਕ ਅਪਰਾਧ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਇਜ਼ਰਾਈਲੀ ਹਮਰੁਤਬਾ ਨਾਲ ਤੁਰੰਤ ਸੰਪਰਕ ਕਰਨ ਦਾ ਨਿਰਦੇਸ਼ ਦਿੱਤਾ ਹੈ।
ਪੁਲਿਸ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ
ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਦੇ ਬਾਹਰਵਾਰ ਇੱਕ ਧਾਰਮਿਕ ਸਥਾਨ ‘ਤੇ ਸ਼ੁੱਕਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਗੋਲੀਬਾਰੀ ‘ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਹਮਲਾਵਰ ਨੂੰ ਮੌਕੇ ‘ਤੇ ਹੀ ਗੋਲੀ ਮਾਰ ਦਿੱਤੀ ਗਈ।
ਹਮਲਾਵਰ ਦੀ ਮੌਕੇ ‘ਤੇ ਹੀ ਮੌਤ
ਇਜ਼ਰਾਈਲੀ ਪੁਲਿਸ ਨੇ ਦੱਸਿਆ ਕਿ ਇਹ ਹਮਲਾ ਪੂਰਬੀ ਯੇਰੂਸ਼ਲਮ ਦੇ ਇੱਕ ਯਹੂਦੀ ਇਲਾਕੇ ਨੇਵੇ ਯਾਕੋਵ ਵਿੱਚ ਹੋਇਆ। ਹਮਲੇ ਤੋਂ ਤੁਰੰਤ ਬਾਅਦ ਪੁਲਿਸ ਬਲ ਮੌਕੇ ‘ਤੇ ਪਹੁੰਚ ਗਿਆ ਅਤੇ ਹਮਲਾਵਰ ਨੂੰ ਗੋਲ਼ੀ ਮਾਰ ਦਿੱਤੀ। ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਜ਼ਰਾਈਲੀ ਮੀਡੀਆ ਨੇ ਕਿਹਾ ਕਿ ਬੰਦੂਕਧਾਰੀ ਪੂਰਬੀ ਯੇਰੂਸ਼ਲਮ ਦਾ ਰਹਿਣ ਵਾਲਾ ਇੱਕ ਫਲਸਤੀਨੀ ਸੀ, ਹਾਲਾਂਕਿ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।