ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਲਈ ਇੱਥੇ ਪੁੱਜੇ ਦੋ ਖਿਡਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਪ੍ਰਬੰਧਕਾਂ ਨੇ ਕਿਹਾ ਕਿ ਟੂਰਨਾਮੈਂਟ ਲਈ ਆਏ ਜਹਾਜ਼ ਵਿਚ ਤਿੰਨ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਦੋ ਟੈਨਿਸ ਖਿਡਾਰੀ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਵਾਇਰਸ ਨਾਲ ਜੁੜੇ ਨੌਂ ਮਾਮਲਿਆਂ ਕਾਰਨ 72 ਖਿਡਾਰੀ ਇੱਥੇ ਪੁੱਜਣ ਤੋਂ ਬਾਅਦ ਪਹਿਲਾਂ ਤੋਂ ਹੀ ਕੁਆਰੰਟਾਈਨ ਵਿਚ ਹਨ। ਚੰਗੀ ਖ਼ਬਰ ਇਹ ਹੈ ਕਿ ਹੋਟਲ ਵਿਚ ਸਖ਼ਤ ਕੁਆਰੰਟਾਈਨ ਵਿਚ ਰਹਿ ਰਹੇ ਖਿਡਾਰੀਆਂ ਨੂੰ ਅਭਿਆਸ ਲਈ ਆਪਣੇ ਕਮਰੇ ਤੋਂ ਬਾਹਰ ਨਿਕਲਣ ਦੀ ਛੋਟ ਮਿਲ ਸਕਦੀ ਹੈ। ਟੈਨਿਸ ਆਸਟ੍ਰੇਲੀਆ ਦੇ ਬੁਲਾਰੇ ਨੇ ਕੁਆਰੰਟਾਈਨ ਵਿਚ ਚੱਲ ਰਹੇ 72 ਖਿਡਾਰੀਆਂ ਦੀ ਸੂਚੀ ਦੇਣ ਤੋਂ ਇਨਕਾਰ ਕਰ ਦਿੱਤਾ। ਕਈ ਖਿਡਾਰੀਆਂ ਨੇ ਹਾਲਾਂਕਿ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਸਥਿਤੀ ਬਾਰੇ ਦੱਸਿਆ। ਅੱਠ ਫਰਵਰੀ ਨੂੰ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਲਈ 1200 ਤੋਂ ਵੱਧ ਲੋਕ ਇੱਥੇ ਪੁੱਜੇ ਜਿਨ੍ਹਾਂ ਵਿਚ ਖਿਡਾਰੀਆਂ ਤੇ ਕੋਚਾਂ ਤੋਂ ਇਲਾਵਾ ਅਧਿਕਾਰੀ ਤੇ ਮੀਡੀਆ ਦੇ ਲੋਕ ਸ਼ਾਮਲ ਹਨ। ਇਹ ਸਾਰੇ 17 ਚਾਰਟਰਡ ਜਹਾਜ਼ਾਂ ਰਾਹੀਂ ਇੱਥੇ ਪੁੱਜੇ ਹਨ।