ਛੇਵੀਂ ਰੈਕਿੰਗ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਐਤਵਾਰ ਨੂੰ ਇੱਥੇ ਫਰਾਂਸ ਦੇ ਐਡ੍ਰਿਅਨ ਮਨਾਰਿਨੋ ਨੂੰ ਸਿੱਧੇ ਸੈੱਟ ’ਚ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ 14ਵੀਂ ਵਾਰ ਜਗ੍ਹਾ ਬਣਾਈ।
ਨਡਾਲ ਨੇ ਚੌਥੇ ਦੌਰ ਦੇ ਮੁਕਾਬਲੇ ’ਚ 7-6 (14), 6-2, 6-2 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੂੰ ਪਹਿਲੇ ਸੈੱਟ ਦੇ ਟਾਈਬ੍ਰੇਕ ’ਚ ਜਿੱਤ ਦਰਜ ਕਰਨ ਲਈ 28 ਮਿੰਟ 40 ਸਕਿੰਟ ਤਕ ਜੂਝਣਾ ਪਿਆ ਤੇ ਇਸ ਦੌਰਾਨ ਉਨ੍ਹਾਂ ਨੇ ਸੱਤਵੇਂ ਸੈੱਟ ਪੁਆਇੰਟ ’ਤੇ ਜਿੱਤ ਦਰਜ ਕੀਤੀ।
ਖੱਬੇ ਹੱਥ ਨਾਲ ਖੇਡਣ ਵਾਲੇ ਨਡਾਲ ਦੀ ਖੱਬੇ ਹੱਥ ਨਾਲ ਖੇਡਣ ਵਾਲੇ ਖਿਡਾਰੀਆਂ ’ਤੇ ਇਹ ਲਗਾਤਾਰ 21ਵੀਂ ਜਿੱਤ ਹੈ। ਨਡਾਲ ਨੇ ਇਸਦੇ ਨਾਲ ਹੀ ਆਸਟ੍ਰੇਲੀਅਨ ਓਪਨ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਸਭ ਤੋਂ ਜ਼ਿਆਦਾ ਵਾਰ ਜਗ੍ਹਾ ਬਣਾਉਣ ਵਾਲਿਆਂ ਦੀ ਸੂਚੀ ’ਚ ਜੌਨ ਨਿਊਕਾਂਬ ਨਾਲ ਦੂਜੇ ਸਥਾਨ ’ਤੇ ਜਗ੍ਹਾ ਬਣਾਈ। ਸਵਿਟਜ਼ਰਲੈਂਡ ਦੇ ਰੋਜਰ ਫੈਡਰਰ 15 ਵਾਰ ਫਾਈਨਲ ’ਚ ਜਗ੍ਹਾ ਬਣਾ ਕੇ ਸਿਖ਼ਰ ’ਤੇ ਹਨ।
ਨਡਾਲ ਨੇ 45ਵੀਂ ਵਾਰ ਕਿਸੇ ਗ੍ਰੈਂਡਸਲੈਮ ਟੂਰਨਾਮੈਂਟ ਦੇ ਆਖ਼ਰੀ ਅੱਠ ’ਚ ਜਗ੍ਹਾ ਬਣਾਈ ਹੈ ਤੇ ਉਹ ਸਰਬਕਾਲਿਕ ਸੂਚੀ ’ਚ ਫੈਡਰਰ (58) ਤੇ ਸਰਬੀਆ ਦੇ ਨੋਵਾਕ ਜੋਕੋਵਿਕ (51) ਤੋਂ ਬਾਅਦ ਤੀਜੇ ਸਥਾਨ ’ਤੇ ਹਨ। ਨਡਾਲ ਹੁਣ ਰਿਕਾਰਡ 21ਵਾਂ ਗੈ੍ਰਂਡਸਲੈਮ ਖ਼ਿਤਾਬ ਜਿੱਤਣ ਤੋਂ ਤਿੰਨ ਜਿੱਤ ਦੂਰ ਹਨ।
ਨਡਾਲ ਨੂੰ ਪਹਿਲੇ ਸੈੱਟ ’ਚ ਮਨਾਰਿਨੋ ਤੋਂ ਚੰਗੀ ਚੁਣੌਤੀ ਮਿਲੀ। ਕਈ ਸ਼ੁਰੂਆਤੀ ਐਕਸਚੇਂਜਾਂ ’ਚ ਮਨਾਰਿਨੋ ਸਿਖ਼ਰ ’ਤੇ ਸਨ ਤੇ ਉਨ੍ਹਾਂ ਨੇ ਪਹਿਲੇ ਸੈੱਟ ਦਾ ਇੱਕੋ ਇਕ ਬ੍ਰੇਕ ਪੁਆਇੰਟ ਬਣਾਇਆ। ਦੋਵੇਂ ਖਿਡਾਰੀ ਆਪਣੇ ਖੱਬੇ ਹੱਥ ਦੇ ਫੋਰਹੈਂਡ ਨਾਲ ਹਮਲਾ ਕਰਦੇ ਦਿਸੇ, ਪਰ ਨਡਾਲ ਨੇ ਆਖ਼ਰ ਤਕ ਬਿਹਤਰ ਖੇਡ ਦਿਖਾਇਆ ਤੇ ਟਾਈਬ੍ਰੇਕਰ ’ਚ ਸੈੱਟ ਆਪਣੇ ਨਾਂ ਕੀਤਾ। ਨਡਾਲ ਨੇ ਟਾਈਬ੍ਰੇਕ ’ਚ ਚਾਰ ਸੈੱਟ ਅੰਕ ਬਚਾਏ।
ਪਹਿਲੇ ਸੈੱਟ ’ਚ ਚੰਗਾ ਮੁਕਾਬਲਾ ਕਰਨ ਤੋਂ ਬਾਅਦ ਮਨਾਰਿਨੋ ਦੇ ਹੌਸਲੇ ਨੂੰ ਜ਼ਿਆਦਾ ਦੇਰ ਤਕ ਨਡਾਲ ਨੇ ਬਣੇ ਨਹੀਂ ਰਹਿਣ ਦਿੱਤਾ ਤੇ ਅਗਲੇ ਦੋ ਸੈੱਟ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਨਾਂ ਕੀਤੇ। ਨਡਾਲ ਦਾ ਅਗਲੇ ਦੌਰ ’ਚ ੋਸਾਹਮਣਾ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨਾਲ ਹੋਵੇਗਾ ਜਿਨ੍ਹਾਂ ਨੇ ਓਲੰਪਿਕ ਗੋਲਡ ਮੈਡਲ ਜੇਤੂ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੂੰ 6-3, 7-6(5), 6-3 ਨਾਲ ਹਰਾਇਆ। ਮਰਦ ਵਰਗ ਦੇ ਹੋਰਨਾਂ ਮੁਕਾਬਲਿਆਂ ’ਚ ਇਟਲੀ ਦੇ ਮਾਤੇਓ ਬੇਰੇਟਿਨੀ ਨੇ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਨੂੰ 7-5, 7-6, 6-4 ਨਾਲ ਅਤੇ ਫਰਾਂਸ ਦੇ ਗਾਏਲਾ ਮੋਂਫਿਲਸ ਨੇ ਸਰਬੀਆ ਦੇ ਮਿਓਮੀਰ ਕੇਚਮਾਨੇਵਿਕ ਨੂੰ 7-5, 7-6, 6-3 ਨਾਲ ਹਰਾਇਆ।
ਬਾਰਟੀ ਕੁਆਰਟਰ ਫਾਈਨਲ ’ਚ : ਮਹਿਲਾਵਾਂ ’ਚ ਸਿਖ਼ਰ ਰੈਂਕਿੰਗ ਖਿਡਾਰਨ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੇ ਅਮਰੀਕਾ ਦੀ ਅਮਾਂਡਾ ਐਨੀਸਿਮੋਵਾ ’ਤੇ 6-4, 6-3 ਦੀ ਜਿੱਤ ਨਾਲ ਮਹਿਲਾ ਸਿੰਗਲਜ਼ ਦੇ ਕੁਆਰਟਰਫਾਈਨਲ ’ਚ ਪ੍ਰਵੇਸ਼ ਕੀਤਾ। ਐਨੀਸਿਮੋਵਾ ਨੇ ਤੀਜੇ ਦੌਰ ’ਚ ਪਿਛਲੀ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਨੂੰ ਹਰਾ ਕੇ ਉਲਟਫੇਰ ਕੀਤਾ ਸੀ। ਬਾਰਟੀ ਹੁਣ ਆਖ਼ਰੀ-8 ’ਚ 21ਵੀਂ ਰੈਂਕਿੰਗ ਅਮਰੀਕਾ ਦੀ ਜੈਸਿਕਾ ਪੇਗੁਲਾ ਨਾਲ ਭਿੜੇਗੀ ਜਿਨ੍ਹਾਂ ਨੇ ਪੰਜਵੀਂ ਰੈਂਕਿੰਗ ਪ੍ਰਾਪਤ ਗ੍ਰੀਸ ਦੀ ਮਾਰੀਆ ਸਕਾਰੀ ਨੂੰ 7-6, 6-3 ਨਾਲ ਹਰਾਇਆ।
ਹੋਰਨਾਂ ਮੈਚਾਂ ’ਚ ਅਮਰੀਕਾ ਦੀ ਮੈਡੀਸਨ ਕੀਜ ਨੇ ਸਪੇਨ ਦੀ ਪਾਉਲਾ ਬਾਦੋਸਾ ਨੂੰ 6-3, 6-1 ਨਾਲ ਤੇ ਚੈੱਕ ਰਿਪਬਲਿਕ ਦੀ ਬਾਰਬੋਰਾ ਕ੍ਰੇਜਕਿਕੋਵਾ ਨੇ ਬੇਲਾਰੂਸ ਦੀ ਵਿਕਟੋਰੀਆ ਅਰਾਜੇਂਕਾ ਨੂੰ 6-2, 6-2 ਨਾਲ ਹਰਾਇਆ।
ਸਾਨੀਆ-ਰਾਮ ਦੀ ਜੋੜੀ ਕੁਆਰਟਰ ਫਾਈਨਲ ’ਚ
ਮੈਲਬੌਰਨ (ਪੀਟੀਆਈ) : ਭਾਰਤ ਦੀ ਸਾਨੀਆ ਮਿਰਜ਼ਾ ਤੇ ਅਮਰੀਕਾ ਦੇ ਉਨ੍ਹਾਂ ਦੇ ਜੋੜੀਦਾਰ ਰਾਜੀਵ ਰਾਮ ਨੇ ਐਤਵਾਰ ਨੂੰ ਇੱਥੇ ਸਿੱਧੇ ਸੈੱਟ ’ਚ ਏਲਨ ਪੇਰੇਜ ਤੇ ਮਾਤਵੇ ਮਿਡਲਕੂਪ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਭਾਰਤ ਤੇ ਅਮਰੀਕਾ ਦੀ ਗੈਰ ਰੈਂਕਿੰਗ ਜੋੜੀ ਨੇ ਇਕ ਘੰਟਾ 27 ਮਿੰਟ ਤਕ ਚੱਲੇ ਮੁਕਾਬਲੇ ’ਚ ਆਸਟ੍ਰੇਲੀਆ ਦੀ ਪੇਰੇਜ ਤੇ ਨੀਦਰਲੈਂਡਸ ਦੇ ਮਿਡਲਕੂਪ ਦੀ ਜੋੜੀ ਨੂੰ 7-6, 6-4 ਨਾਲ ਹਰਾਇਆ।