ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਗ ਥ੍ਰੀ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਨੋਵਾਕ ਜੋਕੋਵਿਕ, ਰੋਜਰ ਫੈਡਰਰ ਤੇ ਰਾਫੇਲ ਨਡਾਲ 20 ਗਰੈਂਡ ਸਲੈਮ ਖ਼ਿਤਾਬ ਦੇ ਨਾਲ ਬਰਾਬਰੀ ‘ਤੇ ਸਨ ਤੇ ਤਿੰਨਾਂ ਵਿਚਾਲੇ 21ਵਾਂ ਖ਼ਿਤਾਬ ਜਿੱਤ ਕੇ ਸਭ ਤੋਂ ਅੱਗੇ ਨਿਕਲਣ ਦੀ ਦੌੜ ਸੀ। ਇਸ ਵਿਚਾਲੇ ਇਸ ਵਾਰ ਆਸਟ੍ਰੇਲੀਅਨ ਓਪਨ ਦੇ ਬਹੁਤ ਰੋਮਾਂਚਕ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਬਿਗ ਥ੍ਰੀ ਦੇ ਦੋ ਸਟਾਰ ਜੋਕੋਵਿਕ ਤੇ ਫੈਡਰਰ ਵੱਖ-ਵੱਖ ਕਾਰਨਾਂ ਨਾਲ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੇ।
ਇਸ ਕਾਰਨ ਸਾਰਿਆਂ ਦੀਆਂ ਨਜ਼ਰਾਂ ਸਪੇਨ ਦੇ ਨਡਾਲ ‘ਤੇ ਸਨ ਤੇ ਐਤਵਾਰ ਨੂੰ ਉਨ੍ਹਾਂ ਨੇ ਮੈਲਬੌਰਨ ਦੇ ਰਾਡ ਲੇਵਰ ਏਰੀਨਾ ਵਿਚ ਖੇਡੇ ਗਏ ਰੋਮਾਂਚਕ ਮਰਦ ਸਿੰਗਲਜ਼ ਦੇ ਫਾਈਨਲ ਮੁਕਾਬਲੇ ਨੂੰ ਜਿੱਤ ਕੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ। ਛੇਵਾਂ ਦਰਜਾ ਨਡਾਲ ਨੇ ਕਰੀਅਰ ਦਾ ਦੂਜਾ ਆਸਟ੍ਰੇਲੀਅਨ ਓਪਨ ਜਿੱਤ ਕੇ ਰਿਕਾਰਡ 21ਵਾਂ ਗਰੈਂਡ ਸਲੈਮ ਖ਼ਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਰੂਸ ਦੇ ਡੇਨਿਲ ਮੇਦਵੇਦੇਵ ਨੂੰ ਪੰਜ ਸੈੱਟਾਂ ਤਕ ਚੱਲੇ ਰੋਮਾਂਚਕ ਮੁਕਾਬਲੇ ਵਿਚ ਹਰਾ ਕੇ ਖ਼ਿਤਾਬ ਜਿੱਤਿਆ। ਨਡਾਲ ਨੇ ਦੋ ਸੈੱਟ ਨਾਲ ਪੱਛੜਨ ਤੋਂ ਬਾਅਦ ਬਿਹਤਰੀਨ ਤਰੀਕੇ ਨਾਲ ਵਾਪਸੀ ਕਰਦੇ ਹੋਏ ਮੇਦਵੇਦੇਵ ਨੂੰ ਪੰਜ ਘੰਟੇ 24 ਮਿੰਟ ਤਕ ਚੱਲੇ ਮੁਕਾਬਲੇ ਵਿਚ 2-6, 6-7 (5), 6-4, 6-4, 7-5 ਨਾਲ ਹਰਾ ਕੇ ਜਿੱਤ ਦਰਜ ਕੀਤੀ। ਨਡਾਲ ਦੀ ਇਹ ਕੋਸ਼ਿਸ਼ ਟੈਨਿਸ ਵਿਚ ਪੱਛੜਨ ਤੋਂ ਬਾਅਦ ਵਾਪਸੀ ਕਰਨ ਵਾਲੀਆਂ ਸਭ ਤੋਂ ਬਿਹਤਰੀਨ ਕੋਸ਼ਿਸ਼ਾਂ ਵਿਚੋਂ ਇਕ ਹੈ।
ਬਿਗ ਥ੍ਰੀ ਦੀ ਰੇਸ ਵਿਚ ਹੁਣ ਨਡਾਲ ਸਭ ਤੋਂ ਅੱਗੇ ਨਿਕਲ ਗਏ ਹਨ। ਜੋਕੋਵਿਕ ਨੂੰ ਆਸਟ੍ਰੇਲੀਅਨ ਓਪਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਕੋਰੋਨਾ ਟੀਕਾਕਰਨ ਨਾ ਕਰਵਾਉਣ ਕਾਰਨ ਆਸਟ੍ਰੇਲੀਆ ਤੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਨਡਾਲ ਇਸ ਖ਼ਿਤਾਬ ਦੇ ਮੁੱਖ ਦਾਅਵੇਦਾਰ ਸਨ। ਨਡਾਲ ਦਾ ਆਸਟ੍ਰੇਲੀਅਨ ਓਪਨ ਵਿਚ ਇਹ ਦੂਜਾ ਖ਼ਿਤਾਬ ਹੈ ਤੇ ਉਨ੍ਹਾਂ ਨੇ ਪਹਿਲੀ ਵਾਰ ਇਸ ਨੂੰ 2009 ਵਿਚ ਜਿੱਤਿਆ ਸੀ। ਨਡਾਲ ਸੱਟ ਕਾਰਨ ਪਿਛਲੇ ਸਾਲ ਜ਼ਿਆਦਾਤਰ ਸਮਾਂ ਟੈਨਿਸ ਕੋਰਟ ਤੋਂ ਬਾਹਰ ਰਹੇ ਸਨ ਤੇ ਵਾਪਸੀ ਕਰਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਟੂਰਨਾਮੈਂਟ ਸੀ। ਉਨ੍ਹਾਂ ਨੇ ਨਾ ਸਿਰਫ਼ ਬਿਹਤਰੀਨ ਤਰੀਕੇ ਨਾਲ ਵਾਪਸੀ ਕੀਤੀ ਬਲਕਿ ਇਤਿਹਾਸ ਵੀ ਰਚ ਦਿੱਤਾ।
ਲਗਾਤਾਰ ਦੂਸਰੇ ਸਾਲ ਟੁੱਟਾ ਡੇਨਿਲ ਦਾ ਸੁਪਨਾ
ਆਪਣੇ ਕਰੀਅਰ ਦਾ ਦੂਜਾ ਤੇ ਆਸਟ੍ਰੇਲੀਅਨ ਓਪਨ ਵਿਚ ਪਹਿਲਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਲੱਗੇ ਡੇਨਿਲ ਮੇਦਵੇਦੇਵ ਦਾ ਸੁਪਨਾ ਲਗਾਤਾਰ ਦੂਜੇ ਸਾਲ ਫਾਈਨਲ ਵਿਚ ਹਾਰ ਨਾਲ ਟੁੱਟਿਆ। ਮੇਦਵੇਦੇਵ 2021 ਵਿਚ ਵੀ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਪੁੱਜੇ ਸਨ ਜਿੱਥੇ ਉਨ੍ਹਾਂ ਨੂੰ ਜੋਕੋਵਿਕ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।