21 ਫਰਵਰੀ ਯਾਨਿ ਬੀਤੇ ਦਿਨੀਂ ਪੂਰੀ ਦੁਨੀਆ ‘ਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਮਾਂ ਬੋਲੀ ਦਿਵਸ ਦੀ ਆਪਣੇ ਅੰਦਾਜ਼ ‘ਚ ਵਧਾਈ ਦਿੱਤੀ। ਇਸ ਦੇ ਨਾਲ ਨਾਲ ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨ ਦਾ ਵੀ ਸੰਦੇਸ਼ ਦਿੱਤਾ।
ਬੱਬੂ ਮਾਨ ਦੀ ਪੋਸਟ
ਪੰਜਾਬੀ ਗਾਇਕ ਬੱਬੂ ਮਾਨ ਬਾਰੇ ਤਾਂ ਸਭ ਜਾਣਦੇ ਹੀ ਹਨ ਕਿ ਉਹ ਮਾਂ ਬੋਲੀ ਦਾ ਹਮੇਸ਼ਾ ਤੋਂ ਹੀ ਕਿੰਨਾ ਆਦਰ ਸਤਿਕਾਰ ਕਰਦੇ ਹਨ। ਉਹ ਹਮੇਸ਼ਾ ਤੋਂ ਹੀ ਸਭ ਨੂੰ ਪੰਜਾਬੀ ਨੂੰ ਪਹਿਲਾਂ ਰੱਖਣ ਦੀ ਅਪੀਲ ਕਰਦੇ ਰਹੇ ਹਨ। ਇਹੀ ਸੰਦੇਸ਼ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਬੀਤੇ ਦਿਨ ਦਿੱਤਾ। ਬੱਬੂ ਮਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ‘ਚ ਉਨ੍ਹਾਂ ਕਿਹਾ, ‘ਮੇਰੀ ਮਾਂ ਪੰਜਾਬੀ ਦੀ ਕਿਤੇ ਹੋਂਦ ਨਾ ਖਤਮ ਹੋ ਜਾਵੇ। ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ।’
ਗੁਰਪ੍ਰੀਤ ਘੁੱਗੀ
ਪੰਜਾਬੀ ਐਕਟਰ ਤੇ ਕਮੇਡੀਅਨ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪੰਜਾਬੀ ਵਰਣਮਾਲਾ ਯਾਨਿ ‘ੳ ਅ’ ਦੀ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ‘ਚ ਲਿੱਖਿਆ, ‘ਅੰਤਰਰਾਸ਼ਟਰੀ ਮਾਂ ਬੋਲੀ ਦੀਆਂ ਸਭ ਨੂੰ ਵਧਾਈਆਂ।’ ਇਸ ਦੇ ਨਾਲ ਹੀ ਘੁੱਗੀ ਨੇ ਇਹ ਵੀ ਕਿਹਾ ਕਿ ‘ਮੈਨੂੰ ਮਾਣ ਪੰਜਾਬੀ ਹੋਣ ਦਾ।’
‘ਮਾਂ ਬੋਲੀ ਦਿਵਸ’ ਦਾ ਇਤਿਹਾਸ
ਕਾਬਿਲੇਗ਼ੌਰ ਹੈ ਕਿ 21 ਫਰਵਰੀ ਦਾ ਦਿਨ, ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਦਿਵਸ ਵੀ ਬਣ ਚੁੱਕਾ ਹੈ ਜਦੋਂਕਿ ਇਸ ਦਿਨ ਨੂੰ ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਨੇ 17 ਨਵੰਬਰ, 1999 ਵਿੱਚ ਪਾਸ ਕੀਤੇ ਗਏ ਇੱਕ ਮਤੇ ਰਾਹੀਂ ‘ਕੌਮਾਂਤਰੀ ਮਾਂ-ਬੋਲੀ ਦਿਵਸ’ ਵਜੋਂ ਐਲਾਨਿਆ ਸੀ। ਇਸ ਮਤੇ ਸਬੰਧੀ ਮੁੱਢਲਾ ਯਤਨ ਤੇ ਉੱਦਮ ਕੈਨੇਡਾ ਦੀ ‘ਮਦਰ ਲੈਂਗੂਇਜ਼ਜ਼ ਲਵਰ’ ਸੰਸਥਾ ਵਲੋਂ ਕੀਤਾ ਗਿਆ ਸੀ।