ਪਰਬਤਾਰੋਹੀ ਬਲਜੀਤ ਕੌਰ (27) ਮੰਗਲਵਾਰ ਨੂੰ ਅੰਨਪੂਰਨਾ ਪਹਾੜ ‘ਤੇ ਕੈਂਪ 4 ਨੇੜੇ ਲਾਪਤਾ ਹੋਣ ਤੋਂ ਇਕ ਦਿਨ ਬਾਅਦ ਜ਼ਿੰਦਾ ਮਿਲ ਗਈ। ਉਸ ਨੂੰ ਰੈਸਕਿਊ ਆਪ੍ਰੇਸ਼ਨ ਰਾਹੀਂ ਬਚਾ ਲਿਆ ਗਿਆ ਹੈ। ਬਲਜੀਤ ਕੌਰ ਸਹੀ ਸਲਾਮਤ ਆਪਣੇ ਕੈਂਪ ਪਹੁੰਚ ਗਈ ਹੈ। ਬਚਾਅ ਕਾਰਜ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ।
ਇਸ ਤੋਂ ਪਹਿਲਾਂ ਪਾਇਨੀਅਰ ਐਡਵੈਂਚਰ ਪਾਸੰਗ ਸ਼ੇਰਪਾ ਨੇ ਦੱਸਿਆ ਸੀ ਕਿ ਏਰੀਅਲ ਸਰਚ ਪਾਰਟੀ ਨੇ ਬਲਜੀਤ ਕੌਰ ਨੂੰ ਕੈਂਪ ਚਾਰ ਵੱਲ ਇਕੱਲੀ ਉਤਰਦਿਆਂ ਦੇਖਿਆ ਸੀ। ਹਿਮਾਲੀਅਨ ਟਾਈਮਜ਼ ਨੇ ਦੱਸਿਆ ਕਿ ਭਾਰਤੀ ਮਹਿਲਾ ਪਰਬਤਰੋਹੀ ਮੰਗਲਵਾਰ ਸਵੇਰ ਤਕ ਰੇਡੀਓ ਦੇ ਸੰਪਰਕ ਤੋਂ ਬਾਹਰ ਸੀ। ਇਸ ਤੋਂ ਬਾਅਦ ਉਸ ਨੇ ਰੇਡੀਓ ਸਿਗਨਲ ਭੇਜ ਕੇ ਮਦਦ ਮੰਗੀ। ਫਿਰ ਹਵਾਈ ਤਲਾਸ਼ੀ ਮੁਹਿੰਮ ਚਲਾਈ ਗਈ।
ਸ਼ੇਰਪਾ ਅਨੁਸਾਰ, ਉਨ੍ਹਾਂ ਦੀ ਜੀਪੀਐਸ ਲੋਕੇਸ਼ਨ ਨੇ 7,375 ਮੀਟਰ (24,193 ਫੁੱਟ) ਦੀ ਉਚਾਈ ਦਾ ਸੰਕੇਤ ਦਿੱਤਾ। ਉਹ ਸੋਮਵਾਰ ਸ਼ਾਮ ਕਰੀਬ 5.15 ਵਜੇ ਦੋ ਸ਼ੇਰਪਾ ਗਾਈਡਾਂ ਨਾਲ ਅੰਨਪੂਰਨਾ ਪਹਾੜ ‘ਤੇ ਚੜ੍ਹੀ। ਉਸ ਨੂੰ ਲੱਭਣ ਲਈ ਘੱਟੋ-ਘੱਟ ਤਿੰਨ ਹੈਲੀਕਾਪਟਰਾਂ ਨੂੰ ਲਗਾਇਆ ਗਿਆ ਸੀ।
ਬਲਜੀਤ ਕੌਰ ਦੇ ਰਿਕਾਰਡ
ਦੱਸ ਦੇਈਏ ਕਿ ਬਲਜੀਤ ਕੌਰ ਸਿਰਫ 27 ਸਾਲਾਂ ਵਿੱਚ 8,000 ਮੀਟਰ ਦੀ ਉਚਾਈ ‘ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਹੈ। ਉਸ ਨੇ ਇੰਨੇ ਘੱਟ ਸਮੇਂ ‘ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
19 ਸਾਲ ਦੀ ਉਮਰ ‘ਚ ਕੀਤੀ ਕਰੀਅਰ ਦੀ ਸ਼ੁਰੂਆਤ
ਬਲਜੀਤ ਕੌਰ ਨੇ 19 ਸਾਲ ਦੀ ਛੋਟੀ ਉਮਰ ਵਿੱਚ ਪਰਬਤਾਰੋਹੀ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸਨੇ ਸਭ ਤੋਂ ਪਹਿਲਾਂ ਮਨਾਲੀ ਦੇ ਦਿਓ ਟਿੱਬਾ ਨੂੰ ਫਤਹਿ ਕੀਤਾ। ਇਸ ਤੋਂ ਬਾਅਦ ਉਹ ਮਾਊਂਟ ਪੋਮੋਰੀ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ।
ਬਲਜੀਤ ਕੌਰ ਦੇ ਨਾਂ ਇਕ ਹੋਰ ਖਾਸ ਰਿਕਾਰਡ ਹੈ। ਉਸਨੇ ਸਿਰਫ 30 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ ਉਚਾਈ ਵਾਲੀਆਂ ਪੰਜ ਚੋਟੀਆਂ ਨੂੰ ਫਤਹਿ ਕਰ ਲਿਆ। ਇਨ੍ਹਾਂ ਵਿੱਚ ਅੰਨਪੂਰਨਾ, ਕੰਗਚਨਜੰਗਾ, ਐਵਰੈਸਟ, ਲਹੋਤਸੇ ਅਤੇ ਮਕਾਲੂ ਚੋਟੀਆਂ ਸ਼ਾਮਲ ਹਨ।