ਸਾਥੀ ਕੈਬ ਡਰਾਈਵਰ ਦੀ ਹੱਤਿਆ ਤੋਂ ਬਾਅਦ ਆਪਣੀ ਸੁਰੱਖਿਆ ਤੇ ਮੰਗਾ ਨੂੰ ਲੈਕੇ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਕੈਬ ਡਰਾਈਵਰ ਅਣਮਿੱਥੇ ਸਮੇਂ ਲਈ 10 ਅਗਸਤ ਤੋਂ ਸੈਕਟਰ 25 ‘ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ। ਸੋਮਵਾਰ ਨੂੰ ਇਥੇ ਇਕੱਤਰ ਹੋਏ ਕੈਬ ਤੇ ਆਟੋ ਡਰਾਈਵਰ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਦੇਣ ਵਾਲੀਆਂ ਕੈਬ ਕੰਪਨੀਆਂ ਓਲਾ, ਉਬਰ ਤੇ ਇਨ ਡਰਾਈਵਰ ਕੰਪਨੀਆਂ ਦੇ ਡਰਾਈਵਰ ਇਸ ਸਮੇਂ ਅਸੁਰੱਖਿਆ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠਣ ਲਈ ਮਜਬੂਰ ਹਨ।
ਉਕਤ ਡਰਾਈਵਰਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਟੈਕਸ, ਕਮਿਸ਼ਨ, ਕਿਰਾਏ ਅਤੇ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਸ਼ਰੇਆਮ ਜ਼ਲੀਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਅਨੇਕਾਂ ਡਰਾਈਵਰ ਕਰਜ਼ੇ ਦੀ ਮਾਰ ਹੇਠ ਹਨ ਤੇ ਅਨੇਕਾਂ ਹੀ ਇਸ ਪਰੇਸ਼ਾਨੀ ਕਾਰਨ ਆਪਣੀ ਜਾਨਾਂ ਗੁਆ ਚੁੱਕੇ ਹਨ।
ਯੂਨੀਅਨ ਦੇ ਬੁਲਾਰੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੰਪਨੀਆਂ ਦੀ ਬੇਰੁਖ਼ੀ ਵਾਲੇ ਵਤੀਰੇ ਕਾਰਨ ਉਨ੍ਹਾਂ ਦੇ ਅਨੇਕਾਂ ਮੈਂਬਰਾਂ ਨੂੰ ਅਪਰਾਧੀ ਕਿਸਮ ਦੇ ਲੋਕਾਂ ਨੇ ਆਪਣੀ ਸਾਜ਼ਿਸ਼ ਦਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਚੁੱਕੇ ਹਨ, ਪਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸ ਕਾਰਨ ਕੰਪਨੀਆਂ ਦਾ ਦਿਮਾਗ਼ ਹੋਰ ਖਰਾਬ ਹੋ ਗਿਆ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਬੇਰੁਖ਼ੀ ਤੇ ਕੰਪਨੀਆਂ ਦੇ ਘਟੀਆ ਵਤੀਰੇ ਖਿਲਾਫ਼ ਉਹ 10 ਅਗਸਤ ਤੋਂ ਸੈਕਟਰ 25 ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਟਰਾਈਸਿਟੀ ਦੀਆਂ ਸੜਕਾਂ ‘ਤੇ ਕੰਪਨੀਆਂ ਬਿਨਾਂ ਪੁਲਿਸ ਪੜਤਾਲ ਤੋਂ ਡਰਾਈਵਰ ਸਮੇਤ ਗੱਡੀਆਂ ਚਲਵਾ ਰਹੀ ਹੈ, ਜਿਸਦੀ ਸ਼ਿਕਾਇਤ ਅਨੇਕਾਂ ਵਾਰ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੂੰ ਸਮੇਂ-ਸਮੇਂ ਸਿਰ ਦਿੱਤੀ ਜਾਂਦੀ ਰਹੀ ਹੈ, ਪਰ ਕਾਰਵਾਈ ਨਾ ਹੋਣ ਕਾਰਨ ਅਪਰਾਧੀ ਕਿਸਮ ਦੇ ਲੋਕ ਧੜੱਲੇ ਨਾਲ ਇੰਨਾ ਕੈਬ ਗੱਡੀਆਂ ਦਾ ਇਸਤੇਮਾਲ ਕਰ ਕੇ ਇਮਾਨਦਾਰੀ ਨਾਲ ਗੱਡੀਆਂ ਚਲਾ ਰਹੇ ਹੋਰਨਾਂ ਡਰਾਈਵਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੈਬ ਡਰਾਈਵਰ ਧਰਮਪਾਲ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਦੀ ਸੁਸਤ ਕਾਰਵਾਈ ਕਾਰਨ ਸਾਰੇ ਕੈਬ ਡਰਾਈਵਰਾਂ ਵਿੱਚ ਖੌਫ਼਼ ਵਾਲਾ ਮਾਹੌਲ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਪੀੜਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੈਬ ਡਰਾਈਵਰ ਯੂਨੀਅਨ ਇਕਜੁੱਟ ਹੈ ਅਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੈਬ ਡਰਾਈਵਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰ ਦੇਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਅਹੁਦੇਦਾਰ ਇੰਦਰਜੀਤ ਸਿੰਘ ਤੋਂ ਇਲਾਵਾ ਅਮਨਦੀਪ ਸਿੰਘ, ਸੋਮਵੀਰ ਸਿੰਘ ਅਤੇ ਅਨਿਲ ਕੁਮਾਰ ਤੋਂ ਇਲਾਵਾ ਵੱਡੀ ਕੈਬ ਡਰਾਈਵਰ ਮੌਜੂਦ ਸਨ। ਇਥੇ ਜਿਕਰਯੋਗ ਹੈ ਕਿ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਸਮੇਤ ਟਰਾਈਸਿਟੀ ਦੀ ਵੱਖ ਵੱਖ ਕੈਬ ਅਤੇ ਆਟੋ ਯੂਨੀਅਨਾਂ ਵਲੋਂ ਕੈਬ ਆਟੋ ਯੂਨੀਅਨ ਫਰੰਟ ਦੇ ਬੈਨਰ ਤਲੇ ਇਕਜੁਟਤਾ ਨਾਲ ਭੁੱਖ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।