ਬੰਗਾਲ ‘ਚ ਛੇਵੇ ਪੜਾਅ ਦੇ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਜਦਕਿ ਆਖਰੀ ਦੋ ਪੜਾਵਾਂ ਦਾ ਚੋਣ ਪ੍ਰਚਾਰ ਹਾਲੇ ਚੱਲੇਗਾ। ਇਸ ਦੌਰਾਨ ਸੂਬੇ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਨੇ ਰਾਜਧਾਨੀ ਕੋਲਕਾਤਾ ‘ਚ ਕੋਈ ਵੱਡੀ ਰੈਲੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਕਾਬਿਲੇਗ਼ੌਰ ਹੈ ਕਿ 7ਵੇਂ ਤੇ 8ਵੇਂ ਪੜਾਅ ‘ਚ ਕੋਲਕਾਤਾ ਦੀਆਂ ਕਈ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ। ਇੱਧਰ, ਮੁੱਖ ਮੰਤਰੀ ਨੇ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਉਹ ਹੁਣ ਕੋਲਕਾਤਾ ‘ਚ ਕੋਈ ਵੱਡੀ ਰੈਲੀ ਨਹੀਂ ਕਰੇਗੀ। ਕਾਬਿਲੇਗ਼ੌਰ ਹੈ ਕਿ ਬੰਗਾਲ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਵੀ ਰਿਕਾਰਡ 8,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ।
ਬੰਗਾਲ ‘ਚ ਕੋਵਿਡ-19 ਦੇ ਮਾਮਲਿਆਂ ਵਾਧੇ ਦੇ ਮੱਦੇਨਜ਼ਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਕੋਲਕਾਤਾ ‘ਚ ਛੋਟੀਆਂ-ਛੋਟੀਆਂ ਚੋਣ ਰੈਲੀਆਂ ਕਰੇਗੀ। ਉਹ ਉਨ੍ਹਾਂ ਜ਼ਿਲ੍ਹਿਆਂ ‘ਚ ਛੋਟੇ-ਛੋਟੇ ਭਾਸ਼ਣ ਦੇਵੇਗੀ ਜਿਨ੍ਹਾਂ ਵਿਚ ਬਾਕੀ ਤਿੰਨ ਪੜਾਵਾਂ ‘ਚ ਵੋਟਾਂ ਪੈਣੀਆਂ ਹਨ। ਬੈਨਰਜੀ ਨੇ ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਉਹ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਆਮ ਤੌਰ ‘ਤੇ ਦਿੱਤੇ ਜੇਣ ਵਾਲੇ 50 ਮਿੰਟ ਤੋਂ ਇਕ ਘੰਟੇ ਦੇ ਭਾਸ਼ਣ ‘ਚ 20 ਮਿੰਟ ਜਾਂ ਉਸ ਨਾਲੋਂ ਜ਼ਿਆਦਾ ਸਮੇਂ ਦੀ ਕਟੌਤੀ ਕਰੇਗੀ ਤਾਂ ਜੋ ਲੋਕਾਂ ਨੂੰ ਰੈਲੀ ‘ਚ ਲੰਮੇ ਸਮੇਂ ਤਕ ਨਾ ਰਹਿਣਾ ਪਵੇ।