ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਹੈ। ਸਿੱਖ ਜਥੇਬੰਦੀਆਂ ਦੇ ਦਬਾਅ ਹੇਠ ਮਹਾਰਾਸ਼ਟਰ ਸਰਕਾਰ ਨੇ ਸੇਵਾਮੁਕਤ ਸਿੱਖ ਆਈਏਐੱਸ ਅਧਿਕਾਰੀ ਡਾ. ਵਿਜੈ ਸਤਬੀਰ ਸਿੰਘ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਨਵਾਂ ਪ੍ਰਬੰਧਕ ਨਿਯੁਕਤ ਕੀਤਾ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੈਸ ਸਿੱਖ ਨੂੰ ਸਿੱਖ ਸੰਸਥਾ ਦਾ ਪ੍ਰਬੰਧਕ ਨਿਯੁਕਤ ਕਰਨ ਦਾ ਵਿਰੋਧ ਕੀਤਾ ਸੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਿੱਖ ਕੌਮ ਦੇ ਵਿਰੋਧ ਕਰਕੇ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੈਰ ਸਿੱਖ ਪ੍ਰਸ਼ਾਸਕ ਲਗਾਉਂਣ ਦਾ ਆਪਣਾ ਫੈਸਲਾ ਬਦਲਿਆ ਹੈ। ਸਰਕਾਰ ਨੂੰ ਇਸ ਦੇ ਨਾਲ ਹੀ ਲੰਬਿਤ ਪਈ ਚੋਣ ਜਲਦ ਕਰਵਾ ਕੇ ਬੋਰਡ ਦੀ ਬਹਾਲੀ ਵੀ ਕਰਨੀ ਚਾਹੀਦੀ ਹੈ। ਦਸਣਯੋਗ ਹੈ ਕਿ ਬੋਰਡ ਭੰਗ ਹੋ ਜਾਣ ਕਾਰਨ ਪੀਐਸ ਪਸਰੀਚਾ ਤੋਂ ਬਾਅਦ ਬੀਤੇ ਦਿਨੀਂ ਆਈਏਐਸ ਅਭਿਜੀਤ ਰਾਊਤ ਗੈਰ ਸਿੱਖ ਨੂੰ ਪ੍ਰਸ਼ਾਸਕ ਲਗਾਉਂਣ ਕਾਰਨ ਸਿੱਖ ਜਗਤ ਵਿਚ ਰੋਸ ਸੀ। ਸ਼੍ਰੋਮਣੀ ਕਮੇਟੀ ਨੇ 7 ਅਗਸਤ ਨੂੰ ਅੰਤਿ੍ਰੰਗ ਕਮੇਟੀ ਵਿਚ ਵੀ ਇਸ ਸਬੰਧੀ ਨਿੰਦਾ ਮਤਾ ਪਾਇਆ ਸੀ। ਹੁਣ ਮਹਾਰਾਸ਼ਟਰ ਸਰਕਾਰ ਵੱਲੋਂ ਆਪਣਾ ਫੈਸਲਾ ਬਦਲ ਕੇ ਡਾ. ਵਿਜੇ ਸਤਬੀਰ ਸਿੰਘ ਨੂੰ ਪ੍ਰਸ਼ਾਸਕ ਲਗਾ ਦਿੱਤਾ ਹੈ।